ਟਰੰਪ ਦੇ ਘਰ ਵੱਜਣਗੇ ਬੈਂਡ-ਵਾਜੇ ! ਪੁੱਤ ਦਾ ਕਰਨ ਜਾ ਰਹੇ ਵਿਆਹ, ਜਾਣੋ ਕੌਣ ਹੈ ਰਾਸ਼ਟਰਪਤੀ ਦੀ ਹੋਣ ਵਾਲੀ ਨੂੰਹ
Tuesday, Dec 16, 2025 - 12:18 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਨੇ ਵ੍ਹਾਈਟ ਹਾਊਸ ਵਿਖੇ ਆਯੋਜਿਤ ਕ੍ਰਿਸਮਿਸ ਰਿਸੈਪਸ਼ਨ ਦੌਰਾਨ ਆਪਣੀ ਮੰਗਣੀ ਦਾ ਐਲਾਨ ਕੀਤਾ। ਉਨ੍ਹਾਂ ਨੇ ਮਾਡਲ ਅਤੇ ਸੋਸ਼ਲਾਈਟ ਬੇਟਿਨਾ ਐਂਡਰਸਨ ਨਾਲ ਵਿਆਹ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ। ਇਸ ਮੌਕੇ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਆਪਣੇ ਬੇਟੇ ਅਤੇ ਹੋਣ ਵਾਲੀ ਨੂੰਹ ਨਾਲ ਮੰਚ 'ਤੇ ਮੌਜੂਦ ਸਨ।
ਟਰੰਪ ਜੂਨੀਅਰ (47 ਸਾਲ) ਨੇ ਇਸ ਖਾਸ ਪਲ ਨੂੰ ਬਿਆਨ ਕਰਦਿਆਂ ਕਿਹਾ ਕਿ ਆਮ ਤੌਰ 'ਤੇ ਉਹ ਬਿਨਾਂ ਝਿਜਕ ਬੋਲਦੇ ਹਨ, ਪਰ ਇਸ ਵਾਰ ਉਨ੍ਹਾਂ ਕੋਲ ਸ਼ਬਦ ਨਹੀਂ ਸਨ। ਉਨ੍ਹਾਂ ਨੇ ਦੱਸਿਆ ਕਿ ਵਿਆਹ ਲਈ ਪ੍ਰਪੋਜ਼ ਕਰਨਾ ਉਨ੍ਹਾਂ ਲਈ ਬਹੁਤ ਤਣਾਅਪੂਰਨ ਸੀ ਅਤੇ ਬੇਟਿਨਾ ਦੇ "ਹਾਂ" ਕਹਿਣ 'ਤੇ ਉਨ੍ਹਾਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ।
ਬੇਟਿਨਾ ਐਂਡਰਸਨ (38 ਸਾਲ), ਜੋ ਕਿ ਇਕ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮਾਡਲ ਵੀ ਹੈ ਨੇ ਮੰਚ ਤੋਂ ਥੋੜ੍ਹੀ ਦੇਰ ਗੱਲ ਕੀਤੀ। ਉਨ੍ਹਾਂ ਨੇ ਫਸਟ ਲੇਡੀ ਮੇਲਾਨੀਆ ਟਰੰਪ ਦੀ ਤਾਰੀਫ਼ ਕੀਤੀ ਅਤੇ ਵ੍ਹਾਈਟ ਹਾਊਸ ਦੀ ਕ੍ਰਿਸਮਿਸ ਸਜਾਵਟ ਨੂੰ ਬਹੁਤ ਸ਼ਾਨਦਾਰ ਦੱਸਿਆ। ਬੇਟਿਨਾ ਨੇ ਕਿਹਾ ਕਿ ਇਹ ਵੀਕੈਂਡ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਪਲ ਹੈ ਅਤੇ ਉਹ ਆਪਣੇ ਜੀਵਨ ਦੇ ਪਿਆਰ ਨਾਲ ਵਿਆਹ ਕਰਨ ਜਾ ਰਹੀ ਹੈ।
ਕੌਣ ਹੈ ਬੇਟਿਨਾ ਐਂਡਰਸਨ?
ਬੇਟਿਨਾ ਐਂਡਰਸਨ ਦਾ ਜਨਮ ਦਸੰਬਰ 1986 'ਚ ਹੋਇਆ ਸੀ ਅਤੇ ਉਹ ਫਲੋਰੀਡਾ ਦੇ ਪਾਮ ਬੀਚ 'ਚ ਪਲੀ ਹੈ। ਉਹ ਇਕ ਜਾਣੇ-ਪਛਾਣੇ ਪਰਿਵਾਰ ਤੋਂ ਆਉਂਦੀ ਹੈ, ਜਿੱਥੇ ਉਨ੍ਹਾਂ ਦੇ ਪਿਤਾ ਇਕ ਸਫਲ ਵਪਾਰੀ ਅਤੇ ਬੈਂਕਰ ਸਨ। ਉਨ੍ਹਾਂ ਨੇ 2009 'ਚ ਕੋਲੰਬੀਆ ਯੂਨੀਵਰਸਿਟੀ ਤੋਂ ਆਰਟ ਹਿਸਟਰੀ, ਕ੍ਰਿਟਿਸਿਜ਼ਮ ਅਤੇ ਕੰਜਰਵੇਸ਼ਨ 'ਚ ਡਿਗਰੀ ਹਾਸਲ ਕੀਤੀ ਹੈ। ਉਹ ਆਪਣੇ ਇੰਸਟਾਗ੍ਰਾਮ 'ਤੇ ਅਕਸਰ ਮਾਡਲਿੰਗ ਨਾਲ ਜੁੜੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਜੂਨੀਅਰ ਦਾ ਇਸ ਤੋਂ ਪਹਿਲਾਂ 2005 'ਚ ਮਾਡਲ ਵੈਨੇਸਾ ਹੈਡਨ ਨਾਲ ਵਿਆਹ ਹੋਇਆ ਸੀ ਅਤੇ ਦੋਵਾਂ ਦੇ ਪੰਜ ਬੱਚੇ ਹਨ। ਉਨ੍ਹਾਂ ਦਾ 2018 'ਚ ਤਲਾਕ ਹੋ ਗਿਆ ਸੀ। ਬਾਅਦ 'ਚ ਉਨ੍ਹਾਂ ਦੀ ਮੰਗਣੀ ਫੌਕਸ ਨਿਊਜ਼ ਦੀ ਸਾਬਕਾ ਐਂਕਰ ਕਿਮਬਰਲੀ ਗਿਲਫੋਇਲ ਨਾਲ ਹੋਈ ਸੀ ਪਰ 2024 'ਚ ਉਨ੍ਹਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਆਈਆਂ ਸਨ।
