ਫਰਾਂਸ ਵਿਚ ਨਾਕਾਮ ਕੀਤੇ ਗਏ 6 ਹਮਲਿਆਂ ਦੀ ਸਾਜ਼ਿਸ਼ ’ਚ ਸ਼ਾਮਲ ਸਨ 17 ਤੋਂ 22 ਸਾਲ ਦੇ ਅੱਤਵਾਦੀ
Wednesday, Dec 17, 2025 - 12:30 PM (IST)
ਪੈਰਿਸ(ਇੰਟ.)- ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਇਸ ਸਾਲ ਨਵੇਂ ਸਾਲ ਦੇ ਜਸ਼ਨਾਂ ’ਤੇ ਇਸ ਵਾਰ ਗ੍ਰਹਿਣ ਲੱਗ ਗਿਆ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਨੇ ਰਵਾਇਤੀ ਨਿਊ ਯੀਅਰ ਮਿਊਜ਼ਿਕ ਸੈਲੀਬ੍ਰੇਸ਼ਨ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰੋਗਰਾਮ ਹਰ ਸਾਲ ਵਾਂਗ 31 ਦਸੰਬਰ 2025 ਨੂੰ ਆਯੋਜਿਤ ਕੀਤਾ ਜਾਣਾ ਸੀ। ਫਰਾਂਸੀਸੀ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਸਰਕਾਰ ਨੇ ਇਹ ਕਦਮ ਮੁਸਲਿਮ ਜੇਹਾਦੀਆਂ ਦੇ ਡਰੋਂ ਚੁੱਕਿਆ ਹੈ।
ਸਪੱਸ਼ਟ ਤੌਰ ’ਤੇ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਜੇਹਾਦੀਆਂ ਦਾ ਡਰ ਵਧ ਰਿਹਾ ਹੈ। ਇਕ ਮੀਡੀਆ ਰਿਪੋਰਟ ਵਿਚ ਫਰਾਂਸੀਸੀ ਸਿਵਲ ਸੇਵਕ ਅਤੇ ਗ੍ਰਹਿ ਮੰਤਰੀ ਲੌਰੇਂਟ ਨੂਨੇਜ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕ੍ਰਿਸਮਸ ਬਾਜ਼ਾਰ ਪ੍ਰਸਿੱਧ ਅਤੇ ਪ੍ਰਤੀਕਾਤਮਕ ਤੌਰ ’ਤੇ ਇਕੱਠੇ ਹੋਣ ਦੇ ਸਥਾਨ ਹਨ, ਜਿਨ੍ਹਾਂ ਨੂੰ ਹਿੰਸਕ ਜਾਂ ਰਾਜਨੀਤਕ ਤੌਰ ’ਤੇ ਪ੍ਰੇਰਿਤ ਹਮਲਿਆਂ ਰਾਹੀਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਰਿਪੋਰਟ ਦੇ ਅਨੁਸਾਰ ਇਸ ਸਾਲ ਫਰਾਂਸ ਵਿਚ ਨਾਕਾਮ ਕੀਤੇ ਗਏ 6 ਹਮਲਿਆਂ ਦੀ ਸਾਜ਼ਿਸ਼ ਉਨ੍ਹਾਂ ਅੱਤਵਾਦੀਆਂ ਨੇ ਰਚੀ ਸੀ, ਜਿਨ੍ਹਾਂ ਦੀ ਉਮਰ 17 ਤੋਂ 22 ਸਾਲ ਦਰਮਿਆਨ ਸੀ।
ਭਾਜੜ ਮਚਣ, ਦੰਗੇ ਭੜਕਣ ਅਤੇ ਭੀੜ ਦੇ ਬੇਕਾਬੂ ਹੋਣ ਦਾ ਖ਼ਤਰਾ
ਅਧਿਕਾਰੀਆਂ ਅਨੁਸਾਰ ਸੰਗੀਤ, ਲਾਈਟਾਂ ਅਤੇ ਜਸ਼ਨਾਂ ਨਾਲ ਭਰਿਆ ਇਹ ਪ੍ਰਸਿੱਧ ਸਮਾਗਮ ਇਸ ਸਾਲ ਨਹੀਂ ਹੋਵੇਗਾ। ਪ੍ਰਸ਼ਾਸਨ ਨੇ ਕਿਹਾ ਕਿ ਇਹ ਸਖ਼ਤ ਫੈਸਲਾ ਇਲਾਕੇ ਵਿਚ ਵੱਡੀ ਗਿਣਤੀ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਭੀੜ-ਭੜੱਕੇ ਵਾਲੇ ਸਮਾਗਮਾਂ ਵਿਚ ਸੁਰੱਖਿਆ ਯਕੀਨੀ ਬਣਾਉਣ ਵਿਚ ਅਸਮਰੱਥਾ ਕਾਰਨ ਲਿਆ ਗਿਆ ਹੈ। ਫਰਾਂਸ ਦੀ ਸਰਕਾਰੀ ਮੀਡੀਆ ਏਜੰਸੀ ‘ਫਰਾਂਸ ਇਨਫੋ’ ਦੇ ਅਨੁਸਾਰ ਪੈਰਿਸ ਪੁਲਸ ਨੇ ਮੇਅਰ ਐਨੀ ਹਿਡਾਲਗੋ ਨੂੰ ਸਮਾਗਮ ਰੱਦ ਕਰਨ ਦੀ ਬੇਨਤੀ ਕੀਤੀ। ਪੁਲਸ ਨੇ ਚਿਤਾਵਨੀ ਦਿੱਤੀ ਕਿ ਸਮਾਗਮ ਦੌਰਾਨ ਭਾਜੜ ਮਚਣ, ਦੰਗੇ ਹੋਣ ਅਤੇ ਭੀੜ ਦੇ ਕਾਬੂ ਤੋਂ ਬਾਹਰ ਹੋਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪਹਿਲਾਂ ਤੋਂ ਹੀ ਸਾਵਧਾਨੀ ਵਰਤਣੀ ਜ਼ਰੂਰੀ ਸੀ। ਇਸ ਦੌਰਾਨ ਨਵੇਂ ਸਾਲ ਦੇ ਜਸ਼ਨਾਂ ਨੂੰ ਰੱਦ ਕਰਨ ਨਾਲ ਸਥਾਨਕ ਲੋਕਾਂ ਅਤੇ ਸੈਲਾਨੀਆਂ ਵਿਚ ਨਿਰਾਸ਼ਾ ਫੈਲ ਗਈ ਹੈ, ਕਿਉਂਕਿ ਇਹ ਸਮਾਗਮ ਪੈਰਿਸ ਦੀ ਇਕ ਪਛਾਣ ਬਣ ਚੱੁਕਿਆ ਹੈ। ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਇਕ ਬਦਲਵੇਂ ਪ੍ਰੋਗਰਾਮ ’ਤੇ ਵਿਚਾਰ ਕੀਤਾ ਜਾ ਸਕਦਾ ਹੈ ਪਰ ਫਿਲਹਾਲ ਪੈਰਿਸ ਦੀਆਂ ਮਸ਼ਹੂਰ ਸੜਕਾਂ ’ਤੇ ਨਵੇਂ ਸਾਲ ਦੀ ਸ਼ਾਮ ਸੰਨਾਟਾ ਛਾਇਆ ਰਹਿਣ ਦੀ ਸੰਭਾਵਨਾ ਹੈ।
2018 ’ਚ ਜੇਹਾਦੀ ਨੇ ਮਾਰ ਦਿੱਤੇ 5 ਲੋਕ
ਲੌਰੇਂਟ ਨੁਨੇਜ ਪਹਿਲਾਂ ਨੈਸ਼ਨਲ ਸੈਂਟਰ ਆਫ਼ ਇੰਟੈਲੀਜੈਂਸ ਐਂਡ ਕਾਊਂਟਰ-ਟੈਰੇਰਿਜ਼ਮ (ਸੀ. ਐੱਨ. ਆਰ. ਐੱਲ. ਟੀ. ) ਦੇ ਮੁਖੀ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਹ 2018 ਦੇ ਸਟ੍ਰਾਸਬਰਗ ਕ੍ਰਿਸਮਸ ਮਾਰਕੀਟ ਹਮਲੇ ਦਾ ਹਵਾਲਾ ਦਿੰਦੇ ਹਨ, ਜਿਸ ਦੌਰਾਨ ਇਕ ਫਰਾਂਸੀਸੀ-ਮੋਰੱਕੋਨ ‘ਗੈਂਗਸਟਰ-ਜੇਹਾਦੀ’ ਨੇ ‘ਅੱਲ੍ਹਾ ਹੂ ਅਕਬਰ’ ਦਾ ਨਾਅਰਾ ਲਗਾਉਂਦੇ ਹੋਏ ਗੋਲੀਬਾਰੀ ਕੀਤੀ ਸੀ, ਜਿਸ ਵਿਚ 5 ਲੋਕ ਮਾਰੇ ਗਏ ਸਨ ਅਤੇ 11 ਜ਼ਖਮੀ ਹੋ ਗਏ ਸਨ।
ਦੋ ਦਿਨਾਂ ਦੀ ਤਲਾਸ਼ੀ ਤੋਂ ਬਾਅਦ ਪੁਲਸ ਨੇ ਉਸ ਨੂੰ ਮਾਰ ਦਿੱਤਾ ਸੀ। ਮੰਤਰੀ ਦੇ ਅਨੁਸਾਰ 2025 ਵਿਚ ਫਰਾਂਸ ’ਚ ਹੁਣ ਤੱਕ 6 ਅੱਤਵਾਦੀ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਹੈ। ਉਨ੍ਹਾਂ ਨੇ ਫਰਾਂਸੀਸੀ ਟੈਲੀਵਿਜ਼ਨ ’ਤੇ ਕਿਹਾ ਕਿ ਜਦੋਂ ਤੁਸੀਂ ਅੱਤਵਾਦੀ ਸਮੂਹਾਂ ਦੇ ਪ੍ਰਚਾਰ ਨੂੰ ਪੜ੍ਹਦੇ ਹੋ ਤਾਂ ਕ੍ਰਿਸਮਸ ਬਾਜ਼ਾਰ ਨਿਸ਼ਾਨੇ ’ਤੇ ਹੁੰਦੇ ਹਨ। ਇਸ ਤੋਂ ਇਲਾਵਾ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ, ਯਹੂਦੀ ਪੂਜਾ ਸਥਾਨ ਅਤੇ ਬਹੁਤ ਸਾਰੇ ਜਨਤਕ ਅਦਾਰੇ ਵੀ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹੁੰਦੇ ਹਨ।
ਅਨਪੜ੍ਹ ਮੁਸਲਮਾਨਾਂ ਨੇ ਅਪਣਾਇਆ ਅੱਤਵਾਦ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਯੂਰਪ ਨੇ ਲੱਖਾਂ ਮੁਸਲਮਾਨਾਂ ਦਾ ਸਵਾਗਤ ਕੀਤਾ, ਜੋ ਬਹੁਤ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ। ਉਨ੍ਹਾਂ ਨੇ ਅੱਤਵਾਦੀ ਵਿਚਾਰਧਾਰਾ ਅਪਣਾਈ ਅਤੇ ਅੱਤਵਾਦੀ ਕਾਰਵਾਈਆਂ ਕਰਨ ਲਈ ਤਿਆਰ ਹਨ। ਉਨ੍ਹਾਂ ਦੀ ਸੱਭਿਅਤਾ ਈਸਾਈ ਧਰਮ ਨਾਲ ਮੇਲ ਨਹੀਂ ਖਾਂਦੀ। ਉਨ੍ਹਾਂ ਵਿਚੋਂ ਕੁਝ ਅਸਲ ’ਚ ਈਸਾਈ ਧਰਮ ਨੂੰ ਨਫ਼ਰਤ ਕਰਦੇ ਹਨ ਅਤੇ ਇਸੇ ਲਈ ਉਹ ਕ੍ਰਿਸਮਸ ਬਾਜ਼ਾਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਹ ਘੱਟ ਪੜ੍ਹੇ-ਲਿਖੇ ਹਨ ਅਤੇ ਬਹੁਤ ਜ਼ਿਆਦਾ ਕੱਟੜਪੰਥੀੇੇ ਹਨ। ਇਨ੍ਹਾਂ ਪ੍ਰਵਾਸੀਆਂ ਦੇ ਬੱਚੇ ਬਾਕੀ ਸਮਾਜ ਵਿਚ ਘੁਲ-ਮਿਲ ਨਹੀਂ ਸਕੇ ਹਨ।
ਬੀਤੇ ਸਾਲ ਦੇ ਜਸ਼ਨ ਦੌਰਾਨ 984 ਕਾਰਾਂ ਨੂੰ ਲਾ ਦਿੱਤੀ ਗਈ ਸੀ ਅੱਗ
ਲੇਸ ਰਿਪਬਲਿਕਨ ਦੇ ਮੁਖੀ ਅਤੇ ਸਾਬਕਾ ਗ੍ਰਹਿ ਮੰਤਰੀ ਬਰੂਨੋ ਰਿਟੇਲਿਓ ਨੇ ਕਿਹਾ ਕਿ ਬਦਕਿਸਮਤੀ ਨਾਲ ਫਰਾਂਸ ਵਿਚ ਭੰਨਤੋੜ ਵੱਲ ਅਜਿਹਾ ਰੁਝਾਨ ਹੈ ਕਿ ਹਰ ਚੀਜ਼ ਹਿੰਸਾ ਦਾ ਬਹਾਨਾ ਬਣ ਜਾਂਦੀ ਹੈ। ਉਨ੍ਹਾਂ ਨੇ ਰੱਦ ਕੀਤੀਆਂ ਗਈਆਂ ਨਵੇਂ ਸਾਲ ਦੀ ਸ਼ਾਮ ਦੀਆਂ ਯੋਜਨਾਵਾਂ ਨੂੰ ਆਤਮ-ਸਮਰਪਣ ਕਰਨਾ ਦੱਸਿਆ। ਉਨ੍ਹਾਂ ਕਿਹਾ ਕਿ ਹਿੰਸਾ ਦੀਆਂ ਇਹ ਕਾਰਵਾਈਆਂ ਭੰਨਤੋੜ ਵੱਲ ਝੁਕਾਅ ਦਾ ਨਤੀਜਾ ਹਨ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਨਿੰਦਾ ਕਰਦਿਆਂ ਕਾਇਰ ਅਤੇ ਗੁੰਡੇ ਕਿਹਾ, ਜੋ ਅਕਸਰ ਆਮ ਫਰਾਂਸੀਸੀ ਨਾਗਰਿਕਾਂ ਦੀਆਂ ਜਾਇਦਾਦਾਂ ’ਤੇ ਹਮਲਾ ਕਰਦੇ ਹਨ।
ਇਕ ਪੁਲਸ ਕਮਿਸ਼ਨਰ ਨੇ ਫਰਾਂਸ ਇਨਫੋ ਨੂੰ ਦੱਸਿਆ ਕਿ ਪਿਛਲੇ ਸਾਲ ਚੈਂਪਸ-ਏਲੀਸੀਜ਼ ’ਤੇ ਦੋ ਘੰਟੇ ਚੱਲੇ ਨਵੇਂ ਸਾਲ ਦੀ ਸ਼ਾਮ ਦੇ ਦੋ ਘੰਟਿਆਂ ਦੇ ਜਸ਼ਨ ’ਚ ਸਾਨੂੰ ਓਲੰਪਿਕ ਖੇਡਾਂ ਦੇ ਤਿੰਨ ਹਫ਼ਤਿਆਂ ਨਾਲੋਂ ਵੱਧ ਡਰ ਲੱਗਿਆ। 31 ਦਸੰਬਰ ਨੂੰ ਲੱਗਭਗ 984 ਕਾਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ 420 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ ਪੁਲਸ ਨੇ ਬੇਤੁਕੀ ਅਤੇ ਸਥਾਨਕ ਹਿੰਸਾ ਕਿਹਾ ਸੀ।
