ਬੰਗਲਾਦੇਸ਼ ''ਚ ਹੋਣ ਜਾ ਰਿਹੈ ਕੁਝ ਵੱਡਾ ! 17 ਸਾਲਾਂ ਬਾਅਦ ਲੰਡਨ ਤੋਂ ਵਾਪਸ ਆਇਆ ਤਾਰਿਕ ਰਹਿਮਾਨ
Thursday, Dec 25, 2025 - 11:52 AM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ 17 ਸਾਲਾਂ ਦੀ ਜਲਾਵਤਨੀ ਤੋਂ ਬਾਅਦ ਵੀਰਵਾਰ ਲੰਡਨ ਤੋਂ ਢਾਕਾ ਪਹੁੰਚ ਗਏ ਹਨ। ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ੀਆ ਦੇ ਪੁੱਤਰ, ਰਹਿਮਾਨ ਆਪਣੀ ਪਤਨੀ ਜ਼ੁਬੈਦਾ ਰਹਿਮਾਨ ਅਤੇ ਬੇਟੀ ਜ਼ੈਮਾ ਰਹਿਮਾਨ ਨਾਲ ਲੰਡਨ ਤੋਂ ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੀ ਉਡਾਣ ਰਾਹੀਂ ਇੱਥੇ ਪਹੁੰਚੇ ਹਨ।
ਰਹਿਮਾਨ ਦੀ ਫਲਾਈਟ ਸਿਲਹਟ ਵਿੱਚ ਰੁਕਣ ਤੋਂ ਬਾਅਦ ਸਵੇਰੇ ਲਗਭਗ 11:20 ਵਜੇ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਉਨ੍ਹਾਂ ਦੇ ਸਵਾਗਤ ਲਈ ਰਾਜਧਾਨੀ ਵਿੱਚ ਉਨ੍ਹਾਂ ਸਮਰਥਕਾਂ ਦਾ ਜਨ ਸੈਲਾਬ ਉਮੜ ਪਿਆ ਹੈ। ਅੰਦਾਜ਼ੇ ਮੁਤਾਬਕ ਲੱਖਾਂ ਲੋਕ ਹਵਾਈ ਅੱਡੇ ਅਤੇ '300 ਫੁੱਟ ਰੋਡ' ਦੇ ਨੇੜੇ ਇਕੱਠੇ ਹੋਏ ਹਨ। ਇਹ ਘਟਨਾ ਪਿਛਲੇ ਸਾਲ ਜੁਲਾਈ ਦੇ ਪ੍ਰਦਰਸ਼ਨ ਅਤੇ ਸ਼ੇਖ ਹਸੀਨਾ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਦੇਸ਼ ਦੇ ਸਿਆਸੀ ਇਤਿਹਾਸ ਵਿੱਚ ਇੱਕ ਬਹੁਤ ਮਹੱਤਵਪੂਰਨ ਮੋੜ ਮੰਨੀ ਜਾ ਰਹੀ ਹੈ।
ਭੀੜ ਨੂੰ ਕਾਬੂ ਕਰਨ ਲਈ ਏਅਰਪੋਰਟ ਅਧਿਕਾਰੀਆਂ ਨੇ 24 ਦਸੰਬਰ ਸ਼ਾਮ 6 ਵਜੇ ਤੋਂ 25 ਦਸੰਬਰ ਸ਼ਾਮ 6 ਵਜੇ ਤੱਕ ਮੁਲਾਕਾਤੀਆਂ ਦੇ ਪ੍ਰਵੇਸ਼ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਸ ਦੌਰਾਨ ਸਿਰਫ਼ ਵੈਲਿਡ ਟਿਕਟ ਵਾਲੇ ਯਾਤਰੀਆਂ ਨੂੰ ਹੀ ਅੰਦਰ ਜਾਣ ਦਿੱਤਾ ਜਾਵੇਗਾ।
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਰਹਿਮਾਨ ਦੀ ਵਾਪਸੀ ਦਾ ਸਵਾਗਤ ਕੀਤਾ ਹੈ। ਪ੍ਰੈਸ ਸਕੱਤਰ ਸ਼ਫੀਕੁਲ ਆਲਮ ਅਨੁਸਾਰ, ਸਰਕਾਰ BNP ਨਾਲ ਤਾਲਮੇਲ ਕਰਕੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮਾਂ ਨੂੰ ਅੰਤਿਮ ਰੂਪ ਦੇ ਰਹੀ ਹੈ। ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਰਹਿਮਾਨ '300 ਫੁੱਟ ਰੋਡ' 'ਤੇ ਇੱਕ ਵਿਸ਼ਾਲ ਸਵਾਗਤੀ ਸਮਾਰੋਹ ਵਿੱਚ ਸੰਖੇਪ ਭਾਸ਼ਣ ਦੇਣਗੇ। ਇਸ ਤੋਂ ਬਾਅਦ ਉਹ ਏਵਰਕੇਅਰ ਹਸਪਤਾਲ ਜਾਣਗੇ ਅਤੇ ਫਿਰ ਗੁਲਸ਼ਨ ਐਵੇਨਿਊ ਸਥਿਤ ਆਪਣੇ ਨਿਵਾਸ 'ਤੇ ਜਾਣਗੇ।
