ਕਰ ਲਓ ਤਿਆਰੀ! 2 ਸਾਲਾਂ ''ਚ 4.26 ਲੱਖ ਵੀਜ਼ੇ ਹੋਣਗੇ ਜਾਰੀ, ਇਸ ਦੇਸ਼ ਨੇ ਕਰ''ਤਾ ਨਵੀਂ ਨੀਤੀ ਦਾ ਐਲਾਨ

Tuesday, Dec 23, 2025 - 03:35 PM (IST)

ਕਰ ਲਓ ਤਿਆਰੀ! 2 ਸਾਲਾਂ ''ਚ 4.26 ਲੱਖ ਵੀਜ਼ੇ ਹੋਣਗੇ ਜਾਰੀ, ਇਸ ਦੇਸ਼ ਨੇ ਕਰ''ਤਾ ਨਵੀਂ ਨੀਤੀ ਦਾ ਐਲਾਨ

ਟੋਕੀਓ: ਜਾਪਾਨ ਆਪਣੀ ਵਿਦੇਸ਼ੀ ਕਿਰਤ ਨੀਤੀ (Foreign Labor Policy) ਵਿੱਚ ਇੱਕ ਵੱਡੇ ਬਦਲਾਅ ਦੀ ਤਿਆਰੀ ਕਰ ਰਿਹਾ ਹੈ। ਜਾਪਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਪੁਰਾਣੀ ਟ੍ਰੇਨਿੰਗ ਸਕੀਮ ਨੂੰ ਖਤਮ ਕਰਕੇ ਵਿੱਤੀ ਸਾਲ 2027 ਤੋਂ "ਐਂਪਲਾਇਮੈਂਟ ਫਾਰ ਸਕਿੱਲ ਡਿਵੈਲਪਮੈਂਟ" (Employment for Skill Development) ਨਾਮ ਦਾ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰੇਗੀ।

ਪਹਿਲੇ ਦੋ ਸਾਲਾਂ 'ਚ 4.26 ਲੱਖ ਕਾਮਿਆਂ ਨੂੰ ਮਿਲੇਗੀ ਐਂਟਰੀ
ਸਰਕਾਰੀ ਜਾਣਕਾਰੀ ਅਨੁਸਾਰ, ਇਸ ਨਵੇਂ ਪ੍ਰੋਗਰਾਮ ਦੇ ਪਹਿਲੇ ਦੋ ਸਾਲਾਂ ਵਿੱਚ ਵੱਧ ਤੋਂ ਵੱਧ 4,26,000 ਵਿਦੇਸ਼ੀ ਕਾਮਿਆਂ ਨੂੰ ਜਾਪਾਨ ਆਉਣ ਦੀ ਆਗਿਆ ਦਿੱਤੀ ਜਾਵੇਗੀ। ਇਹ ਫੈਸਲਾ ਦੇਸ਼ 'ਚ ਪੈਦਾ ਹੋਈ ਕਾਮਿਆਂ ਦੀ ਭਾਰੀ ਕਮੀ ਨੂੰ ਦੇਖਦੇ ਹੋਏ ਲਿਆ ਗਿਆ ਹੈ, ਹਾਲਾਂਕਿ ਸਰਕਾਰ ਵਧਦੇ ਪ੍ਰਵਾਸ ਨੂੰ ਲੈ ਕੇ ਜਨਤਕ ਚਿੰਤਾਵਾਂ ਦਾ ਵੀ ਧਿਆਨ ਰੱਖ ਰਹੀ ਹੈ।

ਪੁਰਾਣੀ ਪ੍ਰਣਾਲੀ 'ਤੇ ਲੱਗੇ ਸ਼ੋਸ਼ਣ ਦੇ ਦੋਸ਼
ਜਾਪਾਨ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ 'ਟੈਕਨੀਕਲ ਇੰਟਰਨ ਟ੍ਰੇਨਿੰਗ ਪ੍ਰੋਗਰਾਮ' ਨੂੰ ਹੁਣ ਪੂਰੀ ਤਰ੍ਹਾਂ ਬੰਦ ਕੀਤਾ ਜਾ ਰਿਹਾ ਹੈ। ਇਸ ਪ੍ਰਣਾਲੀ 'ਤੇ ਅਕਸਰ ਸਸਤੀ ਮਜ਼ਦੂਰੀ ਦੇ ਨਾਮ 'ਤੇ ਕਾਮਿਆਂ ਦੇ ਸ਼ੋਸ਼ਣ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ ਹਨ। ਨਵੇਂ ਢਾਂਚੇ ਤਹਿਤ ਵਿਦੇਸ਼ੀ ਕਾਮਿਆਂ ਨੂੰ ਤਿੰਨ ਸਾਲਾਂ ਦੀ ਸਿਖਲਾਈ ਤੋਂ ਬਾਅਦ 'ਸਪੈਸੀਫਾਈਡ ਸਕਿੱਲਡ ਵਰਕਰ' (SSW) ਦਾ ਦਰਜਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।

2029 ਤੱਕ 8 ਲੱਖ ਤੋਂ ਵੱਧ ਕਾਮਿਆਂ ਦਾ ਟੀਚਾ
ਸਰਕਾਰੀ ਮਸੌਦੇ ਮੁਤਾਬਕ, ਮਾਰਚ 2029 ਤੱਕ ਜਾਪਾਨ ਲਗਭਗ 8.05 ਲੱਖ ਵਿਦੇਸ਼ੀ ਕਾਮਿਆਂ ਨੂੰ SSW ਯੋਜਨਾ ਤਹਿਤ ਆਪਣੇ ਦੇਸ਼ 'ਚ ਸ਼ਾਮਲ ਕਰੇਗਾ। ਇਸ ਨਵੀਂ ਵਿਵਸਥਾ 'ਚ ਖੇਤੀਬਾੜੀ ਤੇ ਉਸਾਰੀ (Construction) ਸਮੇਤ ਕੁੱਲ 17 ਵੱਖ-ਵੱਖ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਫਿਲਹਾਲ ਜਾਪਾਨ 'ਚ 3.33 ਲੱਖ SSW-I ਵੀਜ਼ਾ ਧਾਰਕ ਤੇ 4.49 ਲੱਖ ਤਕਨੀਕੀ ਸਿਖਲਾਈ ਲੈ ਰਹੇ ਕਾਮੇ ਕੰਮ ਕਰ ਰਹੇ ਹਨ।

ਸਖਤ ਨਿਗਰਾਨੀ ਤੇ ਨਿਯਮ
ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਦੇ ਨਿਰਦੇਸ਼ਾਂ 'ਤੇ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਰੁਕਣ ਵਾਲੇ ਲੋਕਾਂ 'ਤੇ ਸਖਤੀ ਵਧਾਈ ਜਾਵੇਗੀ ਅਤੇ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਡਿਜੀਟਲ ਤਕਨੀਕ ਅਤੇ ਉਤਪਾਦਕਤਾ ਨੂੰ ਵਧਾ ਕੇ ਕਾਮਿਆਂ ਦੀ ਕਮੀ ਨੂੰ ਕੁਝ ਹੱਦ ਤੱਕ ਪੂਰਾ ਕੀਤਾ ਜਾ ਸਕਦਾ ਹੈ। ਇਸ ਨਵੀਂ ਯੋਜਨਾ ਨੂੰ ਆਉਣ ਵਾਲੀ ਜਨਵਰੀ ਵਿੱਚ ਕੈਬਨਿਟ ਵੱਲੋਂ ਅੰਤਿਮ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ।


author

Baljit Singh

Content Editor

Related News