17 ਸਾਲਾਂ ਬਾਅਦ ਲੰਡਨ ਤੋਂ ਬੰਗਲਾਦੇਸ਼ ਪਰਤਣਗੇ ਤਾਰਿਕ ਰਹਿਮਾਨ, ਹਾਈ ਅਲਰਟ ''ਤੇ ਸੁਰੱਖਿਆ ਏਜੰਸੀਆਂ
Thursday, Dec 25, 2025 - 10:01 AM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ 17 ਸਾਲਾਂ ਬਾਅਦ ਵੀਰਵਾਰ ਨੂੰ ਆਪਣੇ ਵਤਨ ਪਰਤ ਰਹੇ ਹਨ। ਉਹ ਲੰਡਨ ਤੋਂ ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੀ ਉਡਾਣ ਰਾਹੀਂ ਆਪਣੀ ਪਤਨੀ ਜ਼ੁਬੈਦਾ ਰਹਿਮਾਨ ਅਤੇ ਬੇਟੀ ਜ਼ੈਮਾ ਰਹਿਮਾਨ ਨਾਲ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਦੀ ਉਡਾਣ ਸਵੇਰੇ ਲਗਭਗ 11:20 ਵਜੇ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇਗੀ।
ਭੀੜ ਨੂੰ ਕਾਬੂ ਕਰਨ ਲਈ ਹਵਾਈ ਅੱਡਾ ਅਧਿਕਾਰੀਆਂ ਨੇ 24 ਦਸੰਬਰ ਸ਼ਾਮ 6 ਵਜੇ ਤੋਂ 25 ਦਸੰਬਰ ਸ਼ਾਮ 6 ਵਜੇ ਤੱਕ ਮੁਲਾਕਾਤੀਆਂ ਦੇ ਅੰਦਰ ਜਾਣ 'ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਸਿਰਫ਼ ਵੈਧ ਟਿਕਟ ਅਤੇ ਪਾਸਪੋਰਟ ਵਾਲੇ ਯਾਤਰੀਆਂ ਨੂੰ ਹੀ ਪ੍ਰਵੇਸ਼ ਦੀ ਇਜਾਜ਼ਤ ਹੋਵੇਗੀ। ਤਾਰਿਕ ਦੇ ਸੁਆਗਤ ਲਈ ਪਾਰਟੀ ਨੇ 50 ਲੱਖ ਦੇ ਕਰੀਬ ਸਮਰਥਕਾਂ ਨੂੰ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ।
ਅੰਤਰਿਮ ਸਰਕਾਰ ਨੇ ਤਾਰਿਕ ਰਹਿਮਾਨ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਹਨ। ਸਰਕਾਰ ਦੇ ਪ੍ਰੈੱਸ ਸਕੱਤਰ ਸ਼ਫੀਕੁਲ ਆਲਮ ਅਨੁਸਾਰ, ਸੁਰੱਖਿਆ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਬੀ.ਐੱਨ.ਪੀ. (BNP) ਦੇ ਆਗੂਆਂ ਨਾਲ ਨਿਰੰਤਰ ਤਾਲਮੇਲ ਕੀਤਾ ਜਾ ਰਿਹਾ ਹੈ।
ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ, ਰਹਿਮਾਨ '300 ਫੁੱਟ ਰੋਡ' (36 ਜੁਲਾਈ ਐਕਸਪ੍ਰੈਸਵੇਅ) 'ਤੇ ਇੱਕ ਸੰਖੇਪ ਸਵਾਗਤੀ ਸਮਾਗਮ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਏਵਰਕੇਅਰ ਹਸਪਤਾਲ ਜਾਣਗੇ ਅਤੇ ਫਿਰ ਗੁਲਸ਼ਨ ਐਵੇਨਿਊ ਸਥਿਤ ਆਪਣੇ ਨਿਵਾਸ 'ਤੇ ਪਹੁੰਚਣਗੇ।
27 ਦਸੰਬਰ ਨੂੰ ਉਹ ਆਪਣਾ ਵੋਟਰ ਕਾਰਡ ਬਣਵਾਉਣ ਲਈ ਰਜਿਸਟਰ ਕਰਨਗੇ। ਇਸ ਦੇ ਨਾਲ ਹੀ, 12 ਫਰਵਰੀ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਬੋਗਰਾ-6 ਹਲਕੇ ਤੋਂ ਉਨ੍ਹਾਂ ਦੇ ਨਾਮਜ਼ਦਗੀ ਫਾਰਮ ਪਹਿਲਾਂ ਹੀ ਪ੍ਰਾਪਤ ਕਰ ਲਏ ਗਏ ਹਨ। ਉਨ੍ਹਾਂ ਦੀ ਮਾਤਾ ਖਾਲਿਦਾ ਜ਼ੀਆ ਲਈ ਬੋਗਰਾ-7 ਤੋਂ ਨਾਮਜ਼ਦਗੀ ਪੱਤਰ ਲਏ ਗਏ ਹਨ। ਤਾਰਿਕ ਰਹਿਮਾਨ ਦੀ ਇਹ ਵਾਪਸੀ ਬੰਗਲਾਦੇਸ਼ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਮੰਨੀ ਜਾ ਰਹੀ ਹੈ, ਜਿਸ ਲਈ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 12 ਫਰਵਰੀ ਨੂੰ ਬੰਗਲਾਦੇਸ਼ 'ਚ ਹੋਣ ਵਾਲੀਆਂ ਚੋਣਾਂ 'ਚ ਤਾਰਿਕ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਮੰਨਿਆ ਜਾ ਰਿਹਾ ਹੈ। ਉਹ ਸਾਬਕਾ ਪ੍ਰਧਾਨ ਮੰਤਰੀ ਜ਼ੀਆ ਖਾਲਿਦ ਦੇ ਪੁੱਤਰ ਹਨ ਤੇ ਸਾਲ 2008 'ਚ ਉਨ੍ਹਾਂ ਨੂੰ ਮਨੀ ਲਾਂਡਰਿੰਗ ਸਣੇ ਕਈ ਮਾਮਲਿਆਂ 'ਚ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਉਹ ਲੰਡਨ 'ਚ ਹੀ ਰਹਿ ਰਹੇ ਸਨ। ਹੁਣ ਕਰੀਬ 17 ਸਾਲ ਮਗਰੋਂ ਉਹ ਆਪਣੇ ਵਤਨ ਵਾਪਸ ਪਰਤ ਰਹੇ ਹਨ। ਸ਼ੇਖ ਹਸੀਨਾ ਦੀ ਪਾਰਟੀ ਦੇ ਬੈਨ ਹੋਣ ਮਗਰੋਂ ਬੀ.ਐੱਨ.ਪੀ. ਨੂੰ ਸਭ ਤੋਂ ਮੋਹਰੀ ਪਾਰਟੀ ਮੰਨਿਆ ਜਾ ਰਿਹਾ ਹੈ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ 'ਚ ਉਹ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਵੇਗੀ।
