ਸੰਸਦ ਮੈਂਬਰ ਥਾਣੇਦਾਰ ਨੇ ਹਿੰਦੂ, ਬੋਧੀ, ਸਿੱਖ ਤੇ ਜੈਨ ਅਮਰੀਕੀਆਂ ਲਈ ਕਾਂਗਰੇਸ਼ਨਲ ਕਾਕਸ ਦਾ ਕੀਤਾ ਗਠਨ
Friday, Sep 29, 2023 - 03:55 PM (IST)

ਵਾਸ਼ਿੰਗਟਨ (ਭਾਸ਼ਾ)- ਭਾਰਤੀ ਅਮਰੀਕੀ ਸੰਸਦ ਮੈਂਬਰ ਥਾਣੇਦਾਰ ਨੇ ਹਿੰਦੂ, ਬੋਧੀ, ਸਿੱਖ ਅਤੇ ਜੈਨ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਲਈ ਇਕ ਨਵੇਂ ‘ਕਾਂਗਰੇਸ਼ਨਲ (ਸੰਸਦ) ਕਾਕਸ’ ਦੇ ਗਠਨ ਦਾ ਐਲਾਨ ਕੀਤਾ ਹੈ। ਸ਼੍ਰੀ ਥਾਣੇਦਾਰ ਨੇ ਵੀਰਵਾਰ ਨੂੰ ਕਿਹਾ ਕਿ ਹਿੰਦੂ, ਬੋਧੀ, ਸਿੱਖ ਅਤੇ ਜੈਨ (ਐੱਚ.ਬੀ.ਐੱਸ.ਜੇ.) 'ਅਮਰੀਕਨ ਕਾਂਗਰੇਸ਼ਨਲ ਕਾਕਸ' ਦੀ ਸ਼ੁੱਕਰਵਾਰ ਨੂੰ ਸ਼ੁਰੂਆਤ ਹੋਵੇਗੀ ਅਤੇ ਇਸ ਨੂੰ 2 ਦਰਜਨ ਸੰਸਦ ਮੈਂਬਰਾਂ ਨੇ ਸਮਰਥਨ ਦਿੱਤਾ ਹੈ। ਕਾਕਸ ਸੰਵਾਦ ਨੂੰ ਉਤਸ਼ਾਹਿਤ ਕਰਨ, ਸਮਝ ਵਿਕਸਿਤ ਕਰਨ ਅਤੇ ਇਹਨਾਂ ਭਾਈਚਾਰਿਆਂ ਦੀਆਂ ਖਾਸ ਲੋੜਾਂ ਅਤੇ ਚਿੰਤਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ।
ਇਸ ਦਾ ਉਦੇਸ਼ ਧਾਰਮਿਕ ਵਿਤਕਰੇ ਦਾ ਨਜਿੱਠਣਾ ਅਤੇ ਹਿੰਦੂ, ਬੋਧੀ, ਸਿੱਖ ਅਤੇ ਜੈਨ ਭਾਈਚਾਰਿਆਂ ਦੀ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨਾ ਹੈ। ਇਹ ਨੀਤੀਗਤ ਵਿਚਾਰ-ਵਟਾਂਦਰੇ ਵਿੱਚ ਹਿੰਦੂ, ਬੋਧੀ, ਸਿੱਖ ਅਤੇ ਜੈਨ ਭਾਈਚਾਰਿਆਂ ਦੇ ਦ੍ਰਿਸ਼ਟੀਕੋਣਾਂ ਦੀ ਸਹੀ ਨੁਮਾਇੰਦਗੀ ਅਤੇ ਉਨ੍ਹਾਂ ਸ਼ਮੂਲੀਅਤ ਨੂੰ ਵੀ ਯਕੀਨੀ ਬਣਾਏਗਾ। ਇਹ ਕਾਕਸ ਸੱਭਿਆਚਾਰ ਨੂੰ ਲੈ ਕੇ ਗਲਤਫਹਿਮੀਆਂ ਨੂੰ ਦੂਰ ਕਰੇਗਾ, ਅੰਤਰ-ਧਰਮਿਕ ਸੰਵਾਦ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰੇਗਾ ਅਤੇ ਹਿੰਦੂ, ਬੋਧੀ, ਸਿੱਖ ਅਤੇ ਜੈਨ ਅਮਰੀਕੀਆਂ ਦੀ ਭਲਾਈ, ਸਿੱਖਿਆ ਅਤੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਦਾ ਸਮਰਥਨ ਕਰੇਗਾ। ਕਾਂਗਰੇਸ਼ਨਲ ਕਾਕਸ ਅਮਰੀਕੀ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਇੱਕ ਸਮੂਹ ਹੈ ਜੋ ਇੱਕ ਸਾਂਝੇ ਵਿਧਾਨਿਕ ਉਦੇਸ਼ ਨੂੰ ਅੱਗੇ ਵਧਾਉਂਦਾ ਹੈ।