ਆਸਟ੍ਰੇਲੀਆ ਦੇ ਬੀਚ 'ਤੇ ਅੱਤਵਾਦੀ ਹਮਲੇ ਮਗਰੋਂ ਭਾਰਤ ਦੇ ਇਨ੍ਹਾਂ ਸ਼ਹਿਰਾਂ 'ਚ ਹਾਈ ਅਲਰਟ ਜਾਰੀ
Tuesday, Dec 16, 2025 - 02:55 PM (IST)
(ਨਵੀਂ ਦਿੱਲੀ): ਆਸਟ੍ਰੇਲੀਆ ਦੇ ਸਿਡਨੀ 'ਚ ਬੋਂਡੀ ਬੀਚ (Bondi Beach) 'ਤੇ ਸੋਮਵਾਰ ਨੂੰ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਵਿੱਚ 12 ਤੋਂ ਵਧੇਰੇ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਹਮਲਾ ਯਹੂਦੀਆਂ ਦੇ ਤਿਉਹਾਰ ਹਨੂਕਾਹ (Hanukkah) ਦੇ ਪਹਿਲੇ ਦਿਨ ਵਾਪਰਿਆ, ਜਦੋਂ ਲੋਕ ਬੋਂਡੀ ਬੀਚ 'ਤੇ ਇੱਕ ਸਮਾਰੋਹ ਲਈ ਇਕੱਠੇ ਹੋਏ ਸਨ ਤੇ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ।
ਹਮਲੇ ਤੋਂ ਬਾਅਦ, ਭਾਰਤੀ ਸੁਰੱਖਿਆ ਏਜੰਸੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ, ਭਾਰਤ ਵਿੱਚ ਹਾਈ ਅਲਰਟ (High Alert) ਜਾਰੀ ਕਰ ਦਿੱਤਾ ਹੈ। ਇਹ ਹਾਈ ਅਲਰਟ ਦਿੱਲੀ, ਮੁੰਬਈ, ਬੈਂਗਲੁਰੂ ਸਮੇਤ ਹੋਰ ਮਹਾਨਗਰਾਂ ਲਈ ਜਾਰੀ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਹਨੂਕਾਹ ਤਿਉਹਾਰ ਦੌਰਾਨ ਯਹੂਦੀ ਸੰਸਥਾਵਾਂ ਨੂੰ ਤੁਰੰਤ ਖਤਰੇ ਦੀ ਚਿਤਾਵਨੀ ਦਿੱਤੀ ਹੈ। ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਦੇਸ਼ ਭਰ ਵਿੱਚ ਯਹੂਦੀ ਸੰਸਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਸਥਾਨਕ ਪੁਲਸ ਥਾਣਿਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਤੇ ਅੱਤਵਾਦ ਵਿਰੋਧੀ ਇਕਾਈਆਂ ਨੂੰ ਸ਼ੱਕੀ ਗਤੀਵਿਧੀਆਂ 'ਤੇ ਸਖਤ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਭਿਆਨਕ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ, ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਭਾਰਤ ਇਸ ਦੁੱਖ ਦੀ ਘੜੀ 'ਚ ਆਸਟ੍ਰੇਲੀਆ ਦੇ ਲੋਕਾਂ ਦੇ ਨਾਲ ਖੜ੍ਹਾ ਹੈ ਤੇ ਭਾਰਤ ਅੱਤਵਾਦ ਲਈ ਜ਼ੀਰੋ ਟਾਲਰੈਂਸ ਰੱਖਦਾ ਹੈ ਅਤੇ ਇਸ ਦੇ ਸਾਰੇ ਰੂਪਾਂ ਵਿਰੁੱਧ ਲੜਾਈ ਦਾ ਸਮਰਥਨ ਕਰਦਾ ਹੈ।
ਅੱਤਵਾਦੀ ਹਮਲੇ 'ਚ ਤਿੰਨ ਭਾਰਤੀ ਵਿਦਿਆਰਥੀ ਜ਼ਖਮੀ
ਸਿਡਨੀ ਅੱਤਵਾਦੀ ਹਮਲੇ ਵਿਚ ਤਿੰਨ ਭਾਰਤੀ ਵਿਦਿਆਰਥੀ ਵੀ ਜ਼ਖਮੀ ਹੋ ਗਏ ਹਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਦੋ ਵਿਦਿਆਰਥੀ ਹਸਪਤਾਲ ਦਾਖਲ ਹਨ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਐਤਵਾਰ ਨੂੰ ਸਿਡਨੀ ਵਿਚ ਯਹੂਦੀ ਭਾਈਚਾਰੇ ਦੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਹਮਲਾਵਰਾਂ ਦੀ ਸੋਚ ਇਸਲਾਮਿਕ ਸਟੇਟ ਤੋਂ ਪ੍ਰਭਾਵਿਤ ਸੀ। ਉਨ੍ਹਾਂ ਨੇ ਕਿਹਾ ਕਿ ਇਸ ਅੱਤਵਾਦੀ ਸੰਗਠਨ ਨਾਲ ਜੁੜੀ ਕੱਟੜ ਸੋਚ ਨੇ ਉਨ੍ਹਾਂ ਨੂੰ ਕੱਟੜਪੰਥੀ ਬਣਾ ਦਿੱਤਾ ਸੀ। ਅਲਬਨੀਜ਼ ਨੇ ਮੰਨਿਆ ਕਿ ਇਸਲਾਮ ਦੀ ਕੱਟੜ ਵਿਆਖਿਆ ਇਕ ਗੰਭੀਰ ਸਮੱਸਿਆ ਹੈ।
