ਪਾਕਿਸਤਾਨ ''ਚ ਵੱਡਾ ਅੱਤਵਾਦੀ ਹਮਲਾ, ਪੁਲਸ ਵਾਹਨ ਨੂੰ ਨਿਸ਼ਾਨਾ ਬਣਾ ਕੇ IED ਧਮਾਕਾ, 3 ਸੁਰੱਖਿਆ ਕਰਮਚਾਰੀ ਹਲਾਕ
Wednesday, Dec 03, 2025 - 02:46 PM (IST)
ਪੇਸ਼ਾਵਰ : ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ 'ਚ ਅੱਤਵਾਦੀਆਂ ਨੇ ਇੱਕ ਪੁਲਸ ਵਾਹਨ ਨੂੰ ਨਿਸ਼ਾਨਾ ਬਣਾ ਕੇ ਇੱਕ ਵੱਡਾ ਹਮਲਾ ਕੀਤਾ ਹੈ। ਬੁੱਧਵਾਰ, 3 ਦਸੰਬਰ ਨੂੰ ਹੋਏ ਇੱਕ ਆਈ.ਈ.ਡੀ. (IED – improvised explosive device) ਧਮਾਕੇ ਵਿੱਚ ਤਿੰਨ ਸੁਰੱਖਿਆ ਕਰਮਚਾਰੀ ਮਾਰੇ ਗਏ। ਇਹ ਘਟਨਾ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਪਨਿਆਲਾ ਖੇਤਰ 'ਚ ਵਾਪਰੀ, ਜੋ ਦੱਖਣੀ ਵਜ਼ੀਰਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ।
ਮਾਰੇ ਗਏ ਪੁਲਸ ਕਰਮਚਾਰੀ
ਧਮਾਕੇ ਵਿੱਚ ਮਾਰੇ ਗਏ ਪੁਲਸ ਕਰਮਚਾਰੀਆਂ ਵਿਚ ਅਸਿਸਟੈਂਟ ਸਬ-ਇੰਸਪੈਕਟਰ (ਏ.ਐਸ.ਆਈ.) ਗੁਲ ਆਲਮ, ਕਾਂਸਟੇਬਲ ਰਫੀਕ ਤੇ ਮੋਬਾਈਲ ਵੈਨ ਦਾ ਡਰਾਈਵਰ ਸਖੀ ਜਾਨ ਸ਼ਾਮਲ ਹਨ। ਘਟਨਾ ਤੋਂ ਤੁਰੰਤ ਬਾਅਦ ਪਨਿਆਲਾ ਦੇ ਡਿਪਟੀ ਸੁਪਰਡੈਂਟ ਆਫ ਪੁਲਸ (ਡੀ.ਐੱਸ.ਪੀ.) ਅਤੇ ਹੋਰ ਜ਼ਿਲ੍ਹਾ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ।
ਡੇਰਾ ਇਸਮਾਈਲ ਖਾਨ ਦੇ ਜ਼ਿਲ੍ਹਾ ਪੁਲਸ ਅਧਿਕਾਰੀ (ਡੀ.ਪੀ.ਓ.) ਸੱਜਾਦ ਅਹਿਮਦ ਸਾਹਿਬਜ਼ਾਦਾ ਨੇ ਇੱਕ ਬਿਆਨ 'ਚ ਦੱਸਿਆ ਕਿ ਇਹ ਹਮਲਾ "ਅਣਪਛਾਤੇ ਅੱਤਵਾਦੀਆਂ" ਦੁਆਰਾ ਕੀਤਾ ਗਿਆ ਤੇ ਉਨ੍ਹਾਂ ਇਸ ਨੂੰ "ਡਰਪੋਕ ਹਮਲਾ" ਕਰਾਰ ਦਿੱਤਾ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮੁਹੰਮਦ ਸੁਹੇਲ ਅਫਰੀਦੀ ਨੇ ਵੀ ਬੰਬ ਹਮਲੇ ਦੀ ਸਖ਼ਤ ਨਿੰਦਾ ਕੀਤੀ।
ਅੱਤਵਾਦੀ ਗਤੀਵਿਧੀਆਂ 'ਚ ਵਾਧਾ
ਜ਼ਿਕਰਯੋਗ ਹੈ ਕਿ ਪਾਕਿਸਤਾਨ, ਖਾਸ ਕਰਕੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ 'ਚ ਹਾਲ ਹੀ ਦੇ ਮਹੀਨਿਆਂ 'ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ 'ਤੇ ਹਮਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇਹ ਵਾਧਾ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਦੁਆਰਾ ਨਵੰਬਰ 2022 'ਚ ਸਰਕਾਰ ਨਾਲ ਜੰਗਬੰਦੀ ਖਤਮ ਕਰਨ ਤੋਂ ਬਾਅਦ ਦੇਖਿਆ ਗਿਆ ਹੈ।
