ਇਕ ਹੋਰ ਆਤਮਘਾਤੀ ਹਮਲਾ ! ਪਾਕਿ 'ਚ ਮਹਿਲਾ ਨੇ ਖ਼ੁਦ ਨੂੰ ਬੰਬ ਨਾਲ ਉਡਾਇਆ, ਮੁਕਾਬਲੇ 'ਚ 6 ਅੱਤਵਾਦੀ ਢੇਰ
Wednesday, Dec 03, 2025 - 09:51 AM (IST)
ਕਰਾਚੀ/ਗੁਰਦਾਸਪੁਰ (ਭਾਸ਼ਾ, ਵਿਨੋਦ)- ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਦੀ ਇਕ ਮਹਿਲਾ ਆਤਮਘਾਤੀ ਹਮਲਾਵਰ ਨੇ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਅਰਧ ਸੈਨਿਕ ਬਲ ਦੇ ਬਲੋਚਿਸਤਾਨ ਹੈੱਡਕੁਆਰਟਰ ਦੇ ਮੁੱਖ ਗੇਟ ’ਤੇ ਧਮਾਕਾ ਕਰ ਕੇ ਆਪਣੇ-ਆਪ ਨੂੰ ਉਡਾ ਲਿਆ, ਜਿਸ ਤੋਂ ਬਾਅਦ ਹੋਏ ਮੁਕਾਬਲੇ ਵਿਚ 6 ਅੱਤਵਾਦੀ ਮਾਰੇ ਗਏ। ਇਹ ਜਾਣਕਾਰੀ ਸੁਰੱਖਿਆ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਐਤਵਾਰ ਰਾਤ ਨੂੰ ਚਗਾਈ ਜ਼ਿਲੇ ਦੇ ਨੋਕੁੰਡੀ ਕਸਬੇ ਵਿਚ ‘ਫਰੰਟੀਅਰ ਕੋਰ’ (ਐੱਫ.ਸੀ.) ਹੈੱਡਕੁਆਰਟਰ ਦੇ ਮੇਨ ਗੇਟ ’ਤੇ ਆਪਣੇ-ਆਪ ਨੂੰ ਧਮਾਕਾ ਕਰ ਕੇ ਉਡਾ ਲਿਆ। ਬਾਅਦ ਵਿਚ ਬੀ.ਐੱਲ.ਏ. ਨੇ ਹਮਲਾਵਰ ਦੀ ਪਛਾਣ ਜ਼ੀਨਤ ਰਫੀਕ ਵਜੋਂ ਕੀਤੀ ਅਤੇ ਉਸ ਦੀ ਫੋਟੋ ਜਾਰੀ ਕੀਤੀ।
ਧਮਾਕੇ ਤੋਂ ਬਾਅਦ 6 ਅੱਤਵਾਦੀਆਂ ਨੇ ਹੈੱਡਕੁਆਰਟਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਾਫੀ ਦੇਰ ਤੱਕ ਚੱਲੇ ਮੁਕਾਬਲੇ ਦੌਰਾਨ 3 ਅੱਤਵਾਦੀ ਮੁੱਖ ਗੇਟ ਨੇੜੇ ਮਾਰੇ ਗਏ, ਜਦੋਂ ਕਿ 3 ਹੋਰ ਇਮਾਰਤ ਵਿਚ ਦਾਖਲ ਹੋਣ ’ਚ ਕਾਮਯਾਬ ਹੋ ਗਏ, ਜਿਨ੍ਹਾਂ ਨੂੰ ਐੱਫ.ਸੀ. ਕਰਮਚਾਰੀਆਂ ਨੇ ਘੇਰ ਲਿਆ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਨੂੰ ਵੀ ਮਾਰ ਦਿੱਤਾ ਗਿਆ ਹੈ।
