ਸੂਡਾਨ ’ਚ ਅੱਤਵਾਦੀ ਹਮਲਾ, ਬੰਗਲਾਦੇਸ਼ ਦੇ 6 ਸ਼ਾਂਤੀ ਸੈਨਿਕਾਂ ਦੀ ਮੌਤ
Sunday, Dec 14, 2025 - 09:20 AM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੀ ਫੌਜ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੂਡਾਨ ਵਿਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ’ਚ ਤਾਇਨਾਤ ਉਸ ਦੇ 6 ਫੌਜੀ ਜਵਾਨ ਅੱਤਵਾਦੀ ਹਮਲੇ ਵਿਚ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋ ਗਏ ਹਨ।
ਫੌਜ ਦੇ ਬੁਲਾਰੇ ਨੇ ਕਿਹਾ ਕਿ ਇਹ ਹਮਲਾ ਸੂਡਾਨ ਦੇ ਅਬੀਈ ਖੇਤਰ ’ਚ ਸਥਿਤ ਸੰਯੁਕਤ ਰਾਸ਼ਟਰ ਦੇ ਇਕ ਅਦਾਰੇ ’ਤੇ ਹੋਇਆ। ਰੱਖਿਆ ਮੰਤਰਾਲਾ ਦੇ ‘ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼’ (ਆਈ.ਐੱਸ.ਪੀ.ਆਰ.) ਡਾਇਰੈਕਟੋਰੇਟ ਅਨੁਸਾਰ ਸਬੰਧਤ ਖੇਤਰ ਵਿਚ ਹੁਣ ਵੀ ਲੜਾਈ ਜਾਰੀ ਹੈ।
ਦੱਸਣਯੋਗ ਹੈ ਕਿ ਬੰਗਲਾਦੇਸ਼ ਸੰਯੁਕਤ ਰਾਸ਼ਟਰ ਦੇ ਬਲਿਊ ਹੈਲਮੇਟ ਮਿਸ਼ਨ ਵਿਚ ਪ੍ਰਮੁੱਖ ਯੋਗਦਾਨਕਰਤਾ ਹੈ, ਜਿਸ ਦੀ ਜ਼ਮੀਨੀ ਫੌਜ, ਸਮੁੰਦਰੀ ਫੌਜ ਤੇ ਹਵਾਈ ਫੌਜ ਦੇ 6,000 ਤੋਂ ਵੱਧ ਫੌਜੀ ਜਵਾਨ ਅਤੇ ਪੁਲਸ ਮੁਲਾਜ਼ਮ ਸੂਡਾਨ ਸਮੇਤ ਵੱਖ-ਵੱਖ ਜੰਗ ਪ੍ਰਭਾਵਿਤ ਅਫਰੀਕੀ ਦੇਸ਼ਾਂ ਵਿਚ ਤਾਇਨਾਤ ਹਨ। ਸੰਯੁਕਤ ਰਾਸ਼ਟਰ ਨੇ ਹੁਣੇ ਜਿਹੇ ਅਬੀਈ ਖੇਤਰ ’ਚ ਆਪਣੇ ਅੰਤਰਿਮ ਸੁਰੱਖਿਆ ਬਲ ਮਿਸ਼ਨ ਦੀ ਮਿਆਦ ਵਿਚ ਵਾਧਾ ਕੀਤਾ ਸੀ।
