ਐਬਸਫੋਰਡ ਦੇ ਪਹਾੜਾਂ ਦੀ ਗੋਦ ’ਚ ਲੱਗਾ ‘ਤੀਆਂ ਦਾ ਮੇਲਾ’, ਖੀਰ-ਪੂੜਿਆਂ ਦੇ ਸੁਆਦ ਨੇ ਦੁਆਈ ਪੰਜਾਬ ਦੀ ਯਾਦ

Monday, Aug 12, 2024 - 10:44 PM (IST)

ਐਬਸਫੋਰਡ ਦੇ ਪਹਾੜਾਂ ਦੀ ਗੋਦ ’ਚ ਲੱਗਾ ‘ਤੀਆਂ ਦਾ ਮੇਲਾ’, ਖੀਰ-ਪੂੜਿਆਂ ਦੇ ਸੁਆਦ ਨੇ ਦੁਆਈ ਪੰਜਾਬ ਦੀ ਯਾਦ

ਵੈਨਕੂਵਰ (ਮਲਕੀਤ ਸਿੰਘ) — ਵੈਨਕੂਵਰ ਤੋਂ ਚੜ੍ਹਦੇ ਪਾਸੇ ਸਥਿਤ ਐਬਸਫੋਰਡ ਸ਼ਹਿਰ ਦੇ ਬਾਹਰਵਾਰ 4582, ਬੈਲ ਰੋਡ ਦੇ ਹਰਿਆਵਾਲੇ ਪਹਾੜਾਂ ਦੀ ਗੋਦ ’ਚ ਖੁੱਲ੍ਹੇ ਅਸਮਾਨ ਹੇਠਾਂ ਸਜਾਏ ਇਕ ਵੱਡ ਅਕਾਰੀ ਪੰਡਾਲ ’ਚ ‘ਤੀਆਂ ਦਾ ਮੇਲਾ’ ਆਯੋਜਿਤ ਕਰਵਾਇਆ ਗਿਆ। ਜਿਸ ’ਚ ਵੱਖ-ਵੱਖ ਉਮਰ ਦੀਆਂ ਔਰਤਾਂ ਨੇ ਬੜੇ ਉਤਸ਼ਾਹ ਸਹਿਤ ਸ਼ਿਰਕਤ ਕੀਤੀ। 

PunjabKesari

‘ਵਿਰਸਾ ਫਾਊਂਡੇਸ਼ਨ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਧੂਮ-ਧੜ੍ਹੱਕੇ ਨਾਲ ਕਰਵਾਏ ਇਸ ਮੇਲੇ ’ਚ ਹੋਰਨਾਂ ਕਲਾਕਾਰਾਂ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕਾ ਅਮਨ ਰੋਜ਼ੀ, ਬਲਜਿੰਦਰ ਕੌਰ, ਮਨਜੀਤ ਗਿੱਲ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਝੜੀ ਲਗਾ ਕੇ ਮੇਲੇ ’ਚ ਮੌਜ਼ੂਦ ਬਹੁਗਿਣਤੀ ਮੁਟਿਆਰਾਂ ਨੂੰ ਨੱਚਣ ਲਗਾਈ ਰੱਖਿਆ ਗਿਆ, ਉਥੇ ਉਘੇ ਪੰਜਾਬੀ ਗਾਇਕ ਜੌਹਨ ਬੇਦੀ ਅਤੇ ਲਾਟੀ ਔਲਖ ਵੱਲੋਂ ਕੀਤੀ ਗਈ ਗੀਤਾਂ ਦੀ ਪੇਸ਼ਕਾਰੀ ਦੌਰਾਨ ਵੀ ਕੁਝ ਮੁਟਿਆਰਾਂ ਝੂਮਦੀਆਂ ਨਜ਼ਰੀ ਆਈਆਂ।

PunjabKesari

ਇਸ ਮੇਲੇ ਦਾ ਦਿਲਚਸਪ ਤੱਥ ਇਹ ਸੀ ਕਿ ਮੇਲੇ ਵਾਲੇ ਘਰ ਦੇ ਖੁੱਲ੍ਹੇ ਵਿਹੜੇ ਦੇ ਵੱਖ-ਵੱਖ ਕੋਨਿਆਂ ’ਤੇ ਪੁਰਾਤਨ ਵਿਰਸੇ ਨਾਲ ਜੁੜੀਆਂ ਵਸਤਾਂ-ਪੰਘੂੜਾ, ਸੰਦੂਕ, ਨਲਕਾ, ਚਰਖਾ, ਸੰਧਾਰੇ ਵਾਲਾ ਸਾਈਕਲ, ਛੱਜ, ਪੁਰਾਤਨ ਚੁੱਲ੍ਹਾ ਚੌਕਾਂ, ਪੀਂਘ, ਨਕਲੀ ਖੂਹ ਆਦਿ ਦੇਖਣ ਲਈ ਉਥੇ ਮੌਜ਼ੂਦ ਔਰਤਾਂ ਅਤੇ ਬਾਕੀ ਲੋਕਾਂ ਦੀਆਂ ਭੀੜ ਲੱਗੀ ਰਹੀ। ਬਹੁਗਿਣਤੀ ਮੁਟਿਆਰਾਂ ਇਨ੍ਹਾਂ ਪੁਰਾਤਨ ਚੀਜ਼ਾਂ ਨਾਲ ‘ਸੈਲਫੀਆਂ’ ਲੈਣ ’ਚ ਮਸ਼ਰੂਫ ਨਜ਼ਰੀ ਪਈਆਂ।ਇਸ ਤੋਂ ਇਲਾਵਾ ਮੇਲੇ ਦੇ ਇਕ ਵੱਖਰੇ ਪੰਡਾਲ ’ਚ ਲਗਾਈਆਂ ਗਈਆਂ ਆਰਜ਼ੀ ਦੁਕਾਨਾਂ ਤੋਂ ਵੀ ਕੁਝ ਮੁਟਿਆਰਾਂ ਵੱਲੋਂ ਕੀਤੀ ਗਈ ਖਰੀਦਦਾਰੀ ਦੇ ਦ੍ਰਿਸ਼ ਤੋਂ ਇਕੇਰਾਂ ਪੰਜਾਬ ਦੇ ਕਿਸੇ ਮੇਲੇ ਵਰਗਾ ਮਾਹੌਲ ਸਿਰਜਿਆ ਮਹਿਸੂਸ ਹੋਇਆ। 

PunjabKesari

ਮੇਲੇ ਦੇ ਅਖੀਰਲੇ ਪੜਾਅ ’ਚ ਮੇਲੇ ਦੀ  ਆਯੋਜਿਕ ਧਰਮਵੀਰ ਧਾਲੀਵਾਲ, ਪਰਮ ਮਾਨ ਅਤੇ ਉਨ੍ਹਾਂ ਦੀ ਬਾਕੀ ਟੀਮ ਵੱਲੋਂ ਮੁੱਖ ਮਹਿਮਾਨ ਨਾਇਬ ਬਰਾੜ, ਮਨਜੀਤ ਕੌਰ (ਸਿਆਟਲ) ਅਤੇ ਡਾ. ਬਲਵਿੰਦਰ ਕੌਰ ਬਰਾੜ (ਕੈਲਗਿਰੀ) ਸਮੇਤ ਬਾਕੀ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ। ਮੇਲੇ ਦਾ ਆਨੰਦ ਮਾਣਨ ਆਏ ਸਾਰੇ ਮਹਿਮਾਨਾਂ ਵੱਲੋਂ ਪਹਿਲਾਂ ਚਾਹ-ਪਕੌੜੇ ਅਤੇ ਸ਼ਾਮੀਂ ਖੀਰ-ਪੂੜਿਆਂ ਸਮੇਤ ਬਾਕੀ ਪਕਵਾਨਾਂ ਨੂੰ ਬੜੇ ਚਾਅ ਅਤੇ ਸਵਾਦ ਨਾਲ ਛੱਕਿਆ ਗਿਆ।ਮੇਲੇ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁੱਖੀ ਰੰਧਾਵਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੇਲੇ ’ਚ ਪਹੁੰਚੀਆਂ ਸਿਆਸੀ ਹਸਤੀਆਂ ’ਚ ਮਾਈਕ. ਡੀ ਜੌਂਗ, ਮਾਰਕਸ ਡੈਲਵਿਸ, ਬਰੈਡ ਵਿਸ, ਮੈਰਿਕ ਮੈਟਿਜੀ, ਪਵਨ ਨਿਰਵਾਨ, ਸੀਮਾ ਤੁੰਬਰ, ਕੈਟਰੀਨਾ ਅਨੈਸਟੈਸਿਡਿਸ, ਤਮੈਸ ਜੈਨਸਿਨ ਆਦਿ ਦੇ ਨਾਮ ਜ਼ਿਕਰਯੋਗ ਹਨ।


author

Inder Prajapati

Content Editor

Related News