''ਜ਼ਮੀਨੀ ਹਕੀਕਤ ਕੁਝ ਹੋਰ...'', ਕੈਨੇਡਾ ''ਚ ਭਾਰਤ ਦੀ ਦਖਲਅੰਦਾਜ਼ੀ ''ਤੇ ਧਾਲੀਵਾਲ ਦਾ ਵੱਡਾ ਬਿਆਨ

Friday, Feb 27, 2026 - 09:05 PM (IST)

''ਜ਼ਮੀਨੀ ਹਕੀਕਤ ਕੁਝ ਹੋਰ...'', ਕੈਨੇਡਾ ''ਚ ਭਾਰਤ ਦੀ ਦਖਲਅੰਦਾਜ਼ੀ ''ਤੇ ਧਾਲੀਵਾਲ ਦਾ ਵੱਡਾ ਬਿਆਨ

ਓਟਾਵਾ/ਸਰੀ (ਸਰਬਜੀਤ ਸਿੰਘ ਬਨੂੜ) : ਕੈਨੇਡਾ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਇਕ ਉੱਚ ਸਰਕਾਰੀ ਅਧਿਕਾਰੀ ਵੱਲੋਂ ਇਹ ਸੰਕੇਤ ਦਿੱਤਾ ਗਿਆ ਕਿ ਭਾਰਤ ਵੱਲੋਂ ਕੈਨੇਡਾ ਵਿੱਚ ਹੋ ਰਹੀ ਕਥਿਤ ਵਿਦੇਸ਼ੀ ਦਖ਼ਲਅੰਦਾਜ਼ੀ ਹੁਣ ਘੱਟ ਹੋ ਗਈ ਹੈ ਜਾਂ ਰੁਕ ਚੁੱਕੀ ਹੈ। ਇਸ ਬਿਆਨ ਨੇ ਰਾਜਨੀਤਿਕ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ।

ਲਿਬਰਲ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਇਸ ਦਾਅਵੇ ਨੂੰ ਸਿੱਧੇ ਤੌਰ ’ਤੇ ਨਕਾਰਦਿਆਂ ਕਿਹਾ ਕਿ ਇਹ ਗੱਲ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੀ। ਉਨ੍ਹਾਂ ਕਿਹਾ ਕਿ ਕਈ ਕਮਿਊਨਿਟੀਆਂ ਅਜੇ ਵੀ ਦਬਾਅ ਅਤੇ ਡਰ ਦਾ ਸਾਹਮਣਾ ਕਰ ਰਹੀਆਂ ਹਨ, ਪਰ ਲੋਕ ਖੁੱਲ੍ਹ ਕੇ ਬੋਲਣ ਤੋਂ ਘਬਰਾਉਂਦੇ ਹਨ। ਧਾਲੀਵਾਲ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਜੇ ਕੋਈ ਕਹਿੰਦਾ ਹੈ ਕਿ ਦਖ਼ਲਅੰਦਾਜ਼ੀ ਹੁਣ ਮਾਮੂਲੀ ਜਾਂ ਖਤਮ ਹੋ ਗਈ ਹੈ ਤਾਂ ਇਹ ਗੱਲ ਹਕੀਕਤ ਤੋਂ ਦੂਰ ਹੈ। ਜਿਨ੍ਹਾਂ ਪਰਿਵਾਰਾਂ ਨੇ ਦਬਾਅ ਮਹਿਸੂਸ ਕੀਤਾ ਹੈ, ਉਨ੍ਹਾਂ ਦੀਆਂ ਚਿੰਤਾਵਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ।

ਇਹ ਸਾਰਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਮਾਰਕ ਕਾਰਨੀ ਭਾਰਤ ਦੌਰੇ 'ਤੇ ਹਨ ਅਤੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਦੁਬਾਰਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਦੇ ਇਕ ਅਧਿਕਾਰੀ ਨੇ ਇਸ਼ਾਰਾ ਕੀਤਾ ਸੀ ਕਿ ਮੌਜੂਦਾ ਹਾਲਾਤ ਪਹਿਲਾਂ ਨਾਲੋਂ ਬਿਹਤਰ ਹਨ ਅਤੇ ਤਣਾਅ ਘੱਟ ਹੋਇਆ ਹੈ ਪਰ ਧਾਲੀਵਾਲ ਦਾ ਕਹਿਣਾ ਹੈ ਕਿ ਰਾਜਨੀਤਿਕ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਆਪਣੀ ਜਗ੍ਹਾ, ਪਰ ਕੈਨੇਡਾ ਦੀ ਸੁਰੱਖਿਆ ਅਤੇ ਨਾਗਰਿਕਾਂ ਦੀ ਚਿੰਤਾ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਜਦ ਤੱਕ ਪੂਰੀ ਪਾਰਦਰਸ਼ਤਾ ਅਤੇ ਸੱਚਾਈ ਸਾਹਮਣੇ ਨਹੀਂ ਆਉਂਦੀ, ਤਦ ਤੱਕ ਅਜਿਹੇ ਬਿਆਨ ਗਲਤ ਸੰਦੇਸ਼ ਦੇ ਸਕਦੇ ਹਨ। ਇਸ ਮਾਮਲੇ ਨੇ ਲਿਬਰਲ ਪਾਰਟੀ ਦੇ ਅੰਦਰ ਵੀ ਚਰਚਾ ਛੇੜ ਦਿੱਤੀ ਹੈ। ਵਿਰੋਧੀ ਧਿਰਾਂ ਨੇ ਵੀ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਹੈ ਕਿ ਅਖ਼ੀਰ ਅਸਲ ਸਥਿਤੀ ਕੀ ਹੈ?

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੈਨੇਡਾ-ਭਾਰਤ ਸੰਬੰਧ ਪਹਿਲਾਂ ਹੀ ਸੰਵੇਦਨਸ਼ੀਲ ਮੋੜ ’ਤੇ ਖੜ੍ਹੇ ਹਨ। ਅਜਿਹੇ ਵਿੱਚ ਜੇ ਸਰਕਾਰ ਦੇ ਅਧਿਕਾਰੀ ਅਤੇ ਚੁਣੇ ਹੋਏ ਨੁਮਾਇੰਦੇ ਵੱਖ-ਵੱਖ ਸੁਰ ਅਪਣਾਉਣ ਤਾਂ ਗੁੰਝਲ ਹੋਰ ਗਹਿਰੀ ਹੋ ਸਕਦੀ ਹੈ। ਇਸ ਸਾਰੇ ਘਟਨਾਕ੍ਰਮ ਨੇ ਇਹ ਧਾਰਨਾ ਮਜ਼ਬੂਤ ਕੀਤੀ ਹੈ ਕਿ ਮੌਜੂਦਾ ਹਾਲਾਤਾਂ 'ਚ ਭਾਰਤ ਪੱਖੀ ਨਰਮ ਰੁਖ਼ ਦੇ ਸੰਕੇਤ ਦਿੱਤੇ ਜਾ ਰਹੇ ਹਨ, ਜਿਸ ਕਾਰਨ ਆਲੋਚਕਾਂ ਦੇ ਮਤ ਅਨੁਸਾਰ 'ਭਾਰਤ ਦੇ ਦੋਵੇਂ ਹੱਥ ਲੱਡੂ' ਵਾਲੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ।

ਧਾਲੀਵਾਲ ਨੇ ਕਿਹਾ ਕਿ ਕੈਨੇਡਾ ਇੱਕ ਖੁੱਲ੍ਹਾ ਅਤੇ ਲੋਕਤਾਂਤਰਿਕ ਦੇਸ਼ ਹੈ, ਜਿੱਥੇ ਹਰ ਨਾਗਰਿਕ ਨੂੰ ਡਰ ਤੋਂ ਬਿਨਾਂ ਜੀਣ ਦਾ ਅਧਿਕਾਰ ਹੈ। ਜੇ ਕੋਈ ਵੀ ਵਿਦੇਸ਼ੀ ਤਾਕਤ ਇੱਥੇ ਦੇ ਮਾਹੌਲ ’ਤੇ ਅਸਰ ਪਾਉਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਸਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਫਿਲਹਾਲ, ਇਸ ਮਾਮਲੇ ਨੇ ਓਟਾਵਾ ਦੀ ਸਿਆਸਤ ਵਿੱਚ ਗਰਮੀ ਪੈਦਾ ਕਰ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News