ਤਾਲਿਬਾਨ ਨੇ ਅਸ਼ਾਂਤ ਸੂਬੇ ''ਚ ਅਫਗਾਨ ਲੋਕ ਗਾਇਕ ਦਾ ਕੀਤਾ ਕਤਲ
Sunday, Aug 29, 2021 - 06:40 PM (IST)
ਕਾਬੁਲ (ਏਪੀ): ਤਾਲਿਬਾਨ ਦੇ ਇਕ ਲੜਾਕੇ ਨੇ ਅਸ਼ਾਂਤ ਪਰਬਤੀ ਸੂਬੇ ਵਿਚ ਸ਼ੱਕੀ ਹਾਲਾਤ ਵਿਚ ਇਕ ਅਫਗਾਨ ਲੋਕ ਗਾਇਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗਾਇਕ ਦੇ ਪਰਿਵਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਲੋਕ ਗਾਇਕ ਫਵਾਦ ਅੰਦਰਾਬੀ ਨੂੰ ਸ਼ੁੱਕਰਵਾਰ ਨੂੰ ਅੰਦਾਰਾਬੀ ਘਾਟੀ ਵਿਚ ਗੋਲੀ ਮਾਰੀ ਗਈ। ਤਾਲਿਬਾਨ ਦੇ ਕਬਜ਼ੇ ਮਗਰੋਂ ਘਾਟੀ ਵਿਚ ਅਸ਼ਾਂਤੀ ਦੇਖੀ ਗਈ ਸੀ।ਖੇਤਰ ਦੇ ਕੁਝ ਜ਼ਿਲ੍ਹੇ ਤਾਲਿਬਾਨ ਸ਼ਾਸਨ ਦਾ ਵਿਰੋਧ ਜਤਾਉਣ ਵਾਲੇ ਮਿਲੀਸ਼ੀਆ ਲੜਾਕਿਆਂ ਦੇ ਕੰਟਰੋਲ ਵਿਚ ਆ ਗਏ ਸਨ। ਤਾਲਿਬਾਨ ਦਾ ਕਹਿਣਾ ਹੈ ਕਿ ਉਹਨਾਂ ਨੇ ਉਹਨਾਂ ਖੇਤਰਾਂ ਨੂੰ ਵਾਪਸ ਲਿਆ ਹੈ ਭਾਵੇਂਕਿ ਹਿੰਦੂਕੁਸ਼ ਪਹਾੜਾਂ ਵਿਚ ਸਥਿਤ ਪੰਜਸ਼ੀਰ ਅਫਗਾਨਿਸਤਾਨ ਦੇ 34 ਸੂਬਿਆਂ ਵਿਚੋਂ ਸਿਰਫ ਇਕ ਅਜਿਹਾ ਸੂਬਾ ਹੈ ਜੋ ਉਸ ਦੇ ਕੰਟਰੋਲ ਵਿਚ ਨਹੀਂ ਹੈ।
ਲੋਕ ਗਾਇਕ ਦੇ ਬੇਟੇ ਜਵਾਦ ਅੰਦਰਾਬੀ ਨੇ 'ਦੀ ਐਸੋਸੀਏਟਿਡ ਪ੍ਰੈੱਸ' ਨੂੰ ਦੱਸਿਆ ਕਿ ਤਾਲਿਬਾਨ ਪਹਿਲਾਂ ਉਹਨਾਂ ਦੇ ਘਰ ਆਏ ਅਤੇ ਉਹਨਾਂ ਦੀ ਤਲਾਸ਼ੀ ਲਈ। ਗਾਇਕ ਦੇ ਬੇਟੇ ਨੇ ਕਿਹਾ,''ਉਹ ਬੇਕਸੂਰ ਸਨ, ਉਹ ਇਕ ਗਾਇਕ ਸਨ ਜੋ ਸਿਰਫ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ। ਤਾਲਿਬਾਨ ਨੇ ਉਹਨਾਂ ਦੇ ਪਿਤਾ ਦੇ ਸਿਰ ਵਿਚ ਗੋਲੀ ਮਾਰ ਦਿੱਤੀ।'' ਗਾਇਕ ਦੇ ਬੇਟੇ ਨੇ ਕਿਹਾ ਕਿ ਉਹ ਨਿਆਂ ਚਾਹੁੰਦੇ ਹਨ ਅਤੇ ਇਕ ਸਥਾਨਕ ਤਾਲਿਬਾਨ ਪਰੀਸ਼ਦ ਨੇ ਉਹਨਾਂ ਦੇ ਪਿਤਾ ਦੇ ਕਾਤਲ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ।ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ 'ਏਪੀ' ਨੂੰ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ ਪਰ ਕਤਲ ਦੇ ਬਾਰੇ ਕੋਈ ਹੋਰ ਜਾਣਾਕਾਰੀ ਨਹੀਂ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ : ਕਾਬੁਲ ਹਵਾਈ ਅੱਡੇ ਨੇੜੇ ਇਕ ਹੋਰ ਧਮਾਕਾ
ਇਸ ਵਿਚਕਾਰ ਸੱਭਿਆਚਾਰਕ ਅਧਿਕਾਰਾਂ 'ਤੇ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਦੂਤ ਕਰੀਮਾ ਬੇਨੌਨੇ ਨੇ ਟਵਿੱਟਰ 'ਤੇ ਲਿਖਿਆ ਕਿ ਉਹਨਾਂ ਨੂੰ ਅੰਦਰਾਬੀ ਦੇ ਕਤਲ 'ਤੇ ਗੰਭੀਰ ਚਿੰਤਾ ਹੈ। ਉਹਨਾਂ ਨੇ ਲਿਖਿਆ,''ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਤਾਲਿਬਾਨ ਕਲਾਕਾਰਾਂ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰੇ।'' ਐਮਨੈਸਟੀ ਇੰਟਰਨੈਸ਼ਨਲ ਦੀ ਜਨਰਲ ਸਕੱਤਰ ਐਗਨੇਸ ਕੇਲਾਮਾਰਡ ਨੇ ਵੀ ਇਸੇ ਤਰ੍ਹਾਂ ਕਤਲ ਦੀ ਨਿੰਦਾ ਕੀਤੀ। ਉਹਨਾਂ ਨੇ ਟਵਿੱਟਰ 'ਤੇ ਲਿਖਿਆ,''ਇਸ ਗੱਲ਼ ਦੇ ਸਬੂਤ ਹਨ ਕਿ 2021 ਦਾ ਤਾਲਿਬਾਨ 2001 ਦੇ ਅਸਹਿਣਸ਼ੀਲ, ਹਿੰਸਕ, ਦਮਨਕਾਰੀ ਤਾਲਿਬਾਨ ਜਿਹਾ ਹੀ ਹੈ।'' ਉਹਨਾਂ ਨੇ ਕਿਹਾ ਕਿ 20 ਸਾਲ ਬਾਅਦ ਉਸ ਮੋਰਚੇ 'ਤੇ ਕੁਝ ਨਹੀਂ ਬਦਲਿਆ ਹੈ। ਅੰਦਰਾਬੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਲੱਗਭਗ ਦੋ ਹਫ਼ਤੇ ਪਹਿਲਾਂ ਤਾਲਿਬਾਨ ਦੇ ਅਫਗਾਨਿਸਤਾਨ ਦੀ ਸੱਤਾ 'ਤੇ ਕਬਜ਼ਾ ਜਮਾਉਣ ਮਗਰੋਂ ਅਮਰੀਕਾ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੇ ਸੈਨਿਕਾਂ ਨੂੰ ਕੱਢਣ ਦੀ ਮੁਹਿੰਮ ਚਲਾ ਰਿਹਾ ਹੈ।