ਅਫਗਾਨਿਸਤਾਨ ''ਚ ਤਾਲਿਬਾਨ ਨੇ ਰੇਡੀਓ ਸਟੇਸ਼ਨ ''ਤੇ ਕੀਤਾ ਕਬਜ਼ਾ
Tuesday, Aug 03, 2021 - 03:04 PM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਜ਼ਿਲ੍ਹਿਆਂ 'ਤੇ ਤਾਲਿਬਾਨ ਦਾ ਕਬਜ਼ਾ ਸਥਾਈ ਰੂਪ ਲੈ ਰਿਹਾ ਹੈ। ਖ਼ਬਰਾਂ ਮੁਤਾਬਕ ਲੜਾਕਿਆਂ ਨੇ ਲਸ਼ਕਰਗਾਹ ਦੇ ਇਕ ਰੇਡੀਓ ਸਟੇਸ਼ਨ 'ਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੇ ਆਪਣੀਆਂ ਧਮਕੀਆਂ, ਚਿਤਾਵਨੀਆਂ ਅਤੇ ਆਪਣੇ ਪ੍ਰਚਾਰ 'Voice of Shariah' ਨੂੰ ਫੈਲਾਉਣ ਲਈ ਰੇਡੀਓ ਸਟੇਸ਼ਨ 'ਤੇ ਕਬਜ਼ਾ ਕੀਤਾ ਹੈ। ਇੱਥੇ ਦੱਸ ਦਈਏ ਕਿ ਸੂਬਾਈ ਰਾਜਧਾਨੀ ਲਸ਼ਕਰਗਾਹ ਵਿਚ ਤਾਲਿਬਾਨ ਅਤੇ ਅਫਗਾਨ ਸੈਨਾ ਵਿਚਾਲੇ ਬੀਤੇ ਪੰਜ ਦਿਨਾਂ ਤੋਂ ਲੜਾਈ ਜਾਰੀ ਹੈ।
ਮਾਰੇ ਗਏ 7 ਅੱਤਵਾਦੀ
ਰਾਜਧਾਨੀ ਲਸ਼ਕਰਗਾਹ ਦੇ ਰੇਡੀਓ ਸਟੇਸ਼ਨ 'ਤੇ ਕਬਜ਼ਾ ਹੇਲਮੰਦ ਸੂਬੇ ਦੇ ਪਤਨ ਵੱਲ ਇਸ਼ਾਰਾ ਕਰਦਾ ਹੈ। ਦੱਖਣੀ ਹੇਲਮੰਦ ਪਹਿਲਾਂ ਹੀ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਸਰਕਾਰੀ ਬਲਾਂ ਅਤੇ ਤਾਲਿਬਾਨ ਲੜਾਕਿਆਂ ਵਿਚਕਾਰ ਸੰਘਰਸ਼ ਤੇਜ਼ ਹੋ ਗਿਆ ਹੈ। ਰੱਖਿਆ ਮੰਤਰਾਲੇ ਮੁਤਾਬਕ ਜ਼ਿਲ੍ਹਾ 1 ਵਿਚ ਅਮਰੀਕਾ ਨੇ ਸੋਮਵਾਰ ਸਵੇਰੇ ਹਵਾਈ ਹਮਲਾ ਕੀਤਾ, ਜਿਸ ਵਿਚ ਸੱਤ ਤਾਲਿਬਾਨੀ ਮਾਰੇ ਗਏ। ਹੇਲਮੰਦ ਦੇ ਸਾਂਸਦਾਂ ਨੇ ਕਿਹਾ ਕਿ ਜੇਲ੍ਹ ਅਤੇ ਪੁਲਸ ਹੈੱਡਕੁਆਰਟਰਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਦੀ ਸਖ਼ਤੀ, ਯਾਤਰਾ ਨਿਯਮ ਤੋੜਨ ਵਾਲਿਆਂ 'ਤੇ ਲੱਗੇਗਾ 1 ਕਰੋੜ ਰੁਪਏ ਜੁਰਮਾਨਾ
ਆਮ ਲੋਕਾਂ ਦੇ ਘਰਾਂ ਵਿਚ ਲੁਕਿਆ ਤਾਲਿਬਾਨ
ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਲਸ਼ਕਰਗਾਹ ਦੇ ਐਮਰਜੈਂਸੀ ਹਸਪਤਾਲ ਵਿਚ 9 ਲਾਸ਼ਾਂ ਅਤੇ 8 ਜ਼ਖਮੀਆਂ ਨੂੰ ਭੇਜਿਆ ਗਿਆ। ਹੇਲਮੰਦ ਦੇ ਸਿਵਲ ਸੋਸਾਇਟੀ ਕਾਰਕੁਨ ਮੁਹੰਮਦ ਜਾਮੀ ਨੇ ਕਿਹਾ ਕਿ ਲਸ਼ਕਰਗਾਹ ਵਿਚ ਲੜਾਈ ਚੱਲ ਰਹੀ ਹੈ ਅਤੇ ਸੁਰੱਖਿਆ ਬਲ ਮਜ਼ਬੂਤ ਸਥਿਤੀ ਵਿਚ ਹਨ। ਇਕ ਦੂਜੇ ਕਾਰਕੁਨ ਨੇ ਦੱਸਿਆ ਕਿ ਤਾਲਿਬਾਨ ਆਮ ਲੋਕਾ ਦੇ ਘਰਾਂ ਵਿਚ ਲੁਕੇ ਹੋਏ ਹਨ। ਟੋਲੋ ਨਿਊਜ਼ ਮੁਤਾਬਕ ਅਫਗਾਨਿਸਤਾਨ ਵਿਚ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਤਾਲਿਬਾਨ ਨੇ ਕਾਜਾਕੀ ਜ਼ਿਲ੍ਹਿਆਂ ਨੂੰ ਛੱਡ ਕੇ ਹੇਲਮੰਦ ਦੇ 12 ਜ਼ਿਲ੍ਹਿਆਂ 'ਤੇ ਕਬਜ਼ਾ ਕਰ ਲਿਆ ਹੈ। ਉੱਥੇ ਲਸ਼ਕਰਗਾਹ ਸ਼ਹਿਰ ਦੇ 10 ਵਿਚੋਂ 9 ਜ਼ਿਲ੍ਹਿਆਂ 'ਤੇ ਅੱਤਵਾਦੀਆਂ ਦਾ ਕਬਜ਼ਾ ਹੋ ਚੁੱਕਾ ਹੈ। ਹੇਲਮੰਦ ਵਿਚ ਸਾਰੇ ਮੀਡੀਆ ਪ੍ਰਸਾਰਨ ਰੁੱਕ ਗਏ ਹਨ।
ਨੋਟ- ਅਫਗਾਨਿਸਤਾਨ ਵਿਚ ਤਾਲਿਬਾਨ ਦੇ ਵੱਧਦੇ ਕਬਜ਼ੇ ਨੂੰ ਤੁਸੀਂ ਕਿਵੇਂ ਦੇਖਦੇ ਹੋ।