ਯੂਰਪ ਸਮੇਤ ਹੋਰ ਦੇਸ਼ਾਂ ’ਚ ਯਾਤਰਾ ਪਾਬੰਦੀਆਂ ’ਚ ਢਿੱਲ ਨਾਲ ਭਾਰਤੀ ਮੁਸਾਫ਼ਰਾਂ ਦੀ ਗਿਣਤੀ ’ਚ ਭਾਰੀ ਉਛਾਲ

09/17/2021 9:30:50 AM

ਨਵੀਂ ਦਿੱਲੀ (ਨੈਸ਼ਨਲ ਡੈਸਕ)– ਕੋਰੋਨਾ ਸੰਕਟ ਦੌਰਾਨ ਵਿਦੇਸ਼ ਯਾਤਰਾਵਾਂ ’ਤੇ ਲੱਗੀ ਪਾਬੰਦੀ ਹੁਣ ਹੌਲੀ-ਹੌਲੀ ਹਟ ਰਹੀ ਹੈ। ਇਸ ਦਰਮਿਆਨ ਵਿਦੇਸ਼ ਖ਼ਾਸ ਕਰ ਕੇ ਯੂਰਪ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲ ਹੀ ’ਚ ਭਾਰਤ ਤੋਂ ਇੰਟਰਨੈਸ਼ਨਲ ਫਲਾਈਟਸ ਬੁਕਿੰਗ ’ਚ ਭਾਰੀ ਉਛਾਲ ਦੇਖਿਆ ਗਿਆ। ਇਸ ਦਾ ਕਾਰਨ ਕੋਵਿਡ-19 ਖਿਲਾਫ਼ ਵੈਕਸੀਨੇਸ਼ਨ ਨੂੰ ਮੰਨਿਆ ਜਾ ਰਿਹਾ ਹੈ। ਨਾਲ ਹੀ ਦੁਨੀਆ ਦੇ ਵੱਧ ਤੋਂ ਵੱਧ ਦੇਸ਼ ਹੌਲੀ-ਹੌਲੀ ਕੌਮਾਂਤਰੀ ਯਾਤਰਾ ਤੋਂ ਕੋਰੋਨਾ ਪਾਬੰਦੀਆਂ ’ਚ ਢਿੱਲ ਦੇ ਰਹੇ ਹਨ।

‘ਯੂ. ਕੇ.-ਫ੍ਰਾਂਸ ਦੀਆਂ ਉਡਾਣਾਂ ਦੀ ਬੁਕਿੰਗ ਵਧੀ’
ਯਾਤਰਾ ਉਦਯੋਗ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਮੁੰਬਈ ਅਤੇ ਦਿੱਲੀ ਏਅਰਪੋਰਟ ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਅਗਸਤ ਮਹੀਨੇ ’ਚ ਦੁਬਈ ਅਤੇ ਮਾਲੇ ਭਾਰਤੀ ਮੁਸਾਫ਼ਰਾਂ ਲਈ ਪ੍ਰਮੁੱਖ ਮੰਜ਼ਿਲ ਰਹੇ। ਜਦ ਕਿ ਯੂਰਪੀ ਮੰਜ਼ਿਲਾਂ ਜਿਵੇਂ ਕਿ ਯੂ. ਕੇ., ਫਰਾਂਸ ਅਤੇ ਸਵਿਟਜ਼ਰਲੈਂਡ ਦੀਆਂ ਉਡਾਣਾਂ ਦੀ ਬੁਕਿੰਗ ’ਚ ਵੀ ਤੇਜ਼ੀ ਦੇਖੀ ਗਈ। ਇਸ ਦੇ ਨਾਲ ਹੀ ਯੂ. ਐੱਸ. ਲਈ ਪੁੱਛਗਿੱਛ ਦੀ ਗਿਣਤੀ ਵਧੀ ਹੈ। ਮੇਕ ਮਾਏ ਟ੍ਰਿਪ ਦੇ ਬੁਲਾਰੇ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਕੌਮਾਂਤਰੀ ਯਾਤਰਾ ਲਈ ਭਾਰਤੀ ਮੁਸਾਫਰਾਂ ਤੋਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ, ਲੋਕ ਘੁੰਮਣ ਜਾਂ ਫਿਰ ਬਿਜਨੈੱਸ ਟੂਰ ਦੀਆਂ ਯੋਜਨਾਵਾਂ ਬਣਾਉਣ ਲੱਗੇ ਹਨ। ਜਿਵੇਂ-ਜਿਵੇਂ ਕੋਵਿਡ ਦੇ ਹਾਲਾਤਾਂ ’ਚ ਸੁਧਾਰ ਹੋ ਰਿਹਾ ਹੈ, ਲੋਕਾਂ ਨੇ ਯਾਤਰਾ ਲਈ ਟਿਕਟਾਂ ਬੁੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਕਿਉਂਕਿ ਯਾਤਰਾ ਤੋਂ ਘੱਟ ਤੋਂ ਘੱਟ 30 ਦਿਨ ਪਹਿਲਾਂ ਬੁਕਿੰਗ ਜ਼ਰੂਰੀ ਹੈ।

ਇਹ ਵੀ ਪੜ੍ਹੋ: ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਮੋਦੀ-ਮਮਤਾ ਦਾ ਨਾਮ ਸ਼ਾਮਲ

ਦੁਬਈ ਆਉਣ-ਜਾਣ ਵਾਲਿਆਂ ਦੀ ਗਿਣਤੀ 241 ਫ਼ੀਸਦੀ ਵਧੀ
ਮੁੰਬਈ ਏਅਰਪੋਰਟ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਅਗਸਤ ’ਚ ਦੁਬਈ ਤੋਂ ਆਉਣ-ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਮਹੀਨੇ-ਦਰ-ਮਹੀਨੇ 241 ਫ਼ੀਸਦੀ ਵਧ ਕੇ 37130 ਹੋ ਗਈ ਹੈ। ਅਗਸਤ 2020 ਤੋਂ ਮੁਸਾਫਰਾਂ ਅਤੇ ਉਡਾਣਾਂ ਦੋਹਾਂ ’ਚ ਦੁੱਗਣਾ ਵਾਧਾ ਦੇਖਿਆ ਗਿਆ ਹੈ। ਅਮੀਰਾਤ, ਫਲਾਈਦੁਬਈ, ਏਅਰ ਇੰਡੀਆ ਅਤੇ ਇੰਡੀਗੋ ਵਰਗੀਆਂ ਏਅਰਲਾਈਨਜ਼ ਕ੍ਰਮਵਾਰ : 19740, 5940, 5900 ਅਤੇ 4815 ਮੁਸਾਫ਼ਰਾਂ ਨੂੰ ਲੈ ਕੇ ਜਾਣ ਵਾਲੀਆਂ ਚੋਟੀ ਦੀਆਂ ਏਅਰਲਾਈਨਜ਼ ਸਨ।

ਯਾਤਰਾ ਪੁੱਛਗਿੱਛ ਕਰਨ ਵਾਲਿਆਂ ’ਚ 10 ਗੁਣਾ ਉਛਾਲ
ਕਲੀਅਰ ਟ੍ਰਿਪ ਦੇ ਚੀਫ ਬਿਜ਼ਨੈੱਸ ਅਫਸਰ ਪ੍ਰਹਲਾਦ ਕ੍ਰਿਸ਼ਣਮੂਰਤੀ ਦਾ ਕਹਿਣਾ ਹੈ ਕਿ ਮਾਲਦੀਪ ਅਤੇ ਦੁਬਈ ਭਾਰਤੀਆਂ ਲਈ ਪਸੰਦੀਦਾ ਕੌਮਾਂਤਰੀ ਮੰਜ਼ਿਲ ਰਹੇ ਹਨ। ਅਗਸਤ ਮਹੀਨੇ ’ਚ ਜੁਲਾਈ 2021 ਦੇ ਮੁਕਾਬਲੇ ਸਾਡੇ ਪਲੇਟਫਾਰਮ ’ਤੇ ਆਉਣ ਵਾਲੇ ਮੁਸਾਫਰਾਂ ਦੀ ਗਿਣਤੀ ’ਚ 10 ਗੁਣਾ ਵੱਧ ਉਛਾਲ ਦੇਖਿਆ ਗਿਆ। ਦੁਬਈ ਜਾਣ ਵਾਲੇ ਵਿਅਕਤੀ ਨੂੰ ਉਡਾਣ ਤੋਂ 48 ਘੰਟੇ ਪਹਿਲਾਂ ਆਰ. ਟੀ.-ਪੀ. ਸੀ. ਆਰ. ਟੈਸਟ ਅਤੇ ਛੇ ਘੰਟੇ ਪਹਿਲਾਂ ਰੈਪਿਡ ਐਂਟੀਜਨ ਟੈਸਟ ਕਰਵਾਉਣਾ ਹੁੰਦਾ ਹੈ। ਜਦ ਕਿ ਮਾਲੇ ਲਈ ਸਿਰਫ ਆਰ. ਟੀ.-ਪੀ. ਸੀ. ਆਰ. ਟੈਸਟ ਦੀ ਹੀ ਲੋੜ ਹੈ। ਯੂ. ਕੇ. ਜਾਣ ਵਾਲੇ ਭਾਰਤੀ ਮੁਸਾਫਰਾਂ ਨੂੰ ਉੱਥੇ ਪਹੁੰਚਣ ’ਤੇ ਕੁਆਰੰਟਾਈਨ ’ਚ ਰਹਿਣਾ ਹੋਵੇਗਾ, ਕਿਉਂਕਿ ਯੂ. ਕੇ. ਨੇ ਭਾਰਤ ’ਚ ਇਸਤੇਮਾਲ ਹੋਣ ਵਾਲੀ ਕਿਸੇ ਵੀ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ: ਭਾਰਤ ਨੂੰ ਘੇਰਨ ’ਚ ਲੱਗਾ ਚੀਨ, ਡ੍ਰੈਗਨ ਨੇ ਮਿਆਂਮਾਰ ਦੇ ਰਸਤੇ ਹਿੰਦ ਮਹਾਸਾਗਰ ਤੱਕ ਪੁੱਜਣ ਲਈ ਰੇਲ ਲਿੰਕ ਖੋਲ੍ਹਿਆ

ਬ੍ਰਿਟੇਨ ’ਚ ਭਾਰਤੀ ਮੁਸਾਫ਼ਰਾਂ ਨੂੰ ਰਾਹਤ
ਬ੍ਰਿਟੇਨ ਨੇ ਹਾਲ ਹੀ ’ਚ ਆਪਣੇ ਯਾਤਰਾ ਨਿਯਮਾਂ ’ਚ ਭਾਰਤ ਨੂੰ ਰਾਹਤ ਦਿੱਤੀ ਹੈ। ਬ੍ਰਿਟੇਨ ’ਚ ਕੋਵਿਡ ਆਰ. ਟੀ.-ਪੀ. ਸੀ. ਆਰ. ਟੈਸਟਾਂ ਨੂੰ 1 ਅਕਤੂਬਰ ਤੋਂ ਬੰਦ ਕੀਤਾ ਜਾ ਸਕਦਾ ਹੈ। ਹਾਲਕਿ ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਉਹ ਭਾਰਤੀ ਵੈਕਸੀਨ ਨੂੰ ਮਾਨਤਾ ਦੇਣ ਬਾਰੇ ਵਿਚਾਰ ਕਰ ਰਿਹਾ ਹੈ ਜਾਂ ਨਹੀਂ। ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਬਿਆਨ ਦਿੱਤਾ ਹੈ ਕਿ ਛੇਤੀ ਹੀ ਮਹਿੰਗੇ ਆਰ. ਟੀ.-ਪੀ. ਸੀ. ਆਰ. ਟੈਸਟਾਂ ਨੂੰ ਬੰਦ ਕੀਤਾ ਜਾ ਸਕਦਾ ਹੈ। ਗੌਰ ਹੋਵੇ, ਬ੍ਰਿਟੇਨ ਨੇ ਦੂਜੇ ਦੇਸ਼ਾਂ ਨੂੰ ‘ਰੈੱਡ’ ਅਤੇ ‘ਅੰਬਰ’ ਕੈਟੇਗਰੀ ’ਚ ਵੰਡਿਆ ਹੋਇਆ ਹੈ। ਭਾਰਤ ਪਹਿਲਾਂ ਰੈੱਡ ’ਚ ਸੀ ਜਦ ਕਿ ਹੁਣ ਉਸ ਨੂੰ ਅੰਬਰ ਸ਼੍ਰੇਣੀ ’ਚ ਰੱਖਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ 1 ਅਕਤੂਬਰ ਤੋਂ ਪੀ. ਸੀ. ਆਰ. ਟੈਸਟ ਦੇ ਨਾਲ-ਨਾਲ ਕੁਆਰੰਟਾਈਨ ਨਿਯਮਾਂ ’ਚ ਵੀ ਛੋਟ ਦਿੱਤੀ ਜਾ ਸਕਦੀ ਹੈ। ਮੋਰੀਸ਼ੀਅਸ ਸਰਕਾਰ ਵੀ 1 ਅਕਤੂਬਰ ਤੋਂ ਕੌਮਾਂਤਰੀ ਮੁਸਾਫ਼ਰਾਂ ਲਈ ਬਾਰਡਰ ਖੋਲ੍ਹਣ ’ਤੇ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ: ਚੀਨ ’ਚ ਆਇਆ ਜ਼ਬਰਦਸਤ ਭੂਚਾਲ, 3 ਲੋਕਾਂ ਦੀ ਮੌਤ, 60 ਜ਼ਖ਼ਮੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News