ਵਿਦੇਸ਼ੀ ਧਰਤੀ ''ਤੇ ਸਿੱਖ ਨੌਜਵਾਨ ਸੁਖਵੀਰ ਗਰੇਵਾਲ ਨੇ ਸਿਰਜਿਆ ਇਤਿਹਾਸ
Monday, Dec 23, 2024 - 06:01 AM (IST)

ਨਿਊਯਾਰਕ (ਰਾਜ ਗੋਗਨਾ) : ਬੀਤੇਂ ਦਿਨ ਅਮਰੀਕਾ ਦੇ ੳਹੀੳ ਸੂਬੇ ਦੇ ਸ਼ਹਿਰ ਕਲੀਵਲੈਂਡ ਵਿਖੇ ਪੰਜਾਬੀ ਸਿੱਖ ਸੁਖਵੀਰ ਗਰੇਵਾਲ ਨੂੰ ਪੁਲਸ ਵਿਭਾਗ ਦੇ ਪਹਿਲੇ ਸਿੱਖ ਅਧਿਕਾਰੀ ਬਣਨ ਦਾ ਮਾਣ ਹਾਸਲ ਹੋਇਆ ਹੈ। ਗਰੇਵਾਲ ਆਪਣੇ ਸਿੱਖ ਧਰਮ 'ਚ, ਦਾੜ੍ਹੀ ਅਤੇ ਦਸਤਾਰ ਕੇਸ ਰੱਖ ਕੇ ਨੌਕਰੀ ਕਰੇਗਾ।
ਪੁਲਸ ਦੇ ਕਲੀਵਲੈਂਡ ਡਿਵੀਜ਼ਨ ਨੇ ਹਾਲ ਹੀ ਵਿੱਚ ਦਾੜ੍ਹੀ ਰੱਖਣ ਦੀ ਇਜਾਜ਼ਤ ਦੇਣ ਲਈ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਕੀਤੀ, ਜਿਸ ਨੇ ਗਰੇਵਾਲ ਨੂੰ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ ਸੀ। ਕਲੀਵਲੈਂਡ ਡਿਵੀਜਨ ਦੀ ਪੁਲਸ ਮੁੱਖੀ ਡੋਰੋਥੀ ਟੌਡ ਨੇ ਆਪਣੇ ਸੰਬੋਧਨ 'ਚ ਇਹ ਵੀ ਕਿਹਾ ਕਿ ਅਸੀਂ ਮਰਦਾਂ ਤੇ ਔਰਤਾਂ ਦੇ ਇੱਕ ਵਿਭਿੰਨ ਸਮੂਹ ਲਈ ਉਨ੍ਹਾਂ ਦੇ ਧਰਮਾਂ ਪ੍ਰਤੀ ਵਚਨਬੱਧ ਹਾਂ ਜੋ ਸਾਡੇ ਭਾਈਚਾਰਿਆਂ 'ਚ ਸਾਮਲ ਹੋ ਕੇ ਇੱਥੋ ਦੀ ਜਨਤਾ ਦੀ ਸੇਵਾ ਕਰਦੇ ਹਨ। ਮੈਨੂੰ ਇਹ ਬਹੁਤ ਵਧੀਆ ਲੱਗਿਆ ਹੈ। ਇਸ ਮੌਕੇ ਸੁਖਵੀਰ ਗਰੇਵਾਲ ਨੇ ਆਪਣੇ ਪੂਰੇ ਕਰੀਅਰ 'ਚ ਭਾਈਚਾਰਿਆਂ ਦੀ ਰੱਖਿਆ ਤੇ ਸੇਵਾ ਕਰਨ ਦਾ ਪ੍ਰਣ ਲਿਆ ਤੇ ਕਿਹਾ ਕਿ ਉਸ ਦੇ ਵਿਸ਼ਵਾਸ ਨੇ ਉਸ ਨੂੰ ਦੂਜਿਆਂ ਦੀ ਸੇਵਾ ਕਰਨ ਲਈ ਸੇਧ ਦਿੱਤੀ ਹੈ। ਇਸ ਤੋਂ ਪਹਿਲਾਂ ਗਰੇਵਾਲ ਅਲਾਇੰਸ ਪੁਲਸ ਵਿਭਾਗ ਲਈ ਵੀ ਕੰਮ ਕਰ ਚੁੱਕਿਆ ਹੈ ਤੇ ਉਹ ਓਹੀਓ ਸਟੇਟ ਦੀ ਨੈਸ਼ਨਲ ਗਾਰਡ ਵਿੱਚ ਸੇਵਾ ਨਿਭਾਅ ਚੁੱਕਾ ਹੈ। ਉਹ ਚਾਰ ਭਾਸ਼ਾਵਾਂ ਵੀ ਬੋਲਦਾ ਹੈ। ਉਸ ਨੇ ਕਿਹਾ ਕਿ ਸਿੱਖ ਧਰਮ ਦਾ ਇੱਕ ਵੱਡਾ ਹਿੱਸਾ ਨਿਰਸਵਾਰਥ ਹੈ। ਉਹ ਆਪਣੇ ਕਰੀਅਰ ਖੇਤਰ ਵਿੱਚ ਇਸਦਾ ਸਮਰਥਨ ਵੀ ਕਰਦਾ ਹੈ।