'ਆਪਣੇ ਸੋਸ਼ਲ ਮੀਡੀਆ ਅਕਾਊਂਟ ਕਰੋ ਪਬਲਿਕ...', ਇਨ੍ਹਾਂ ਵੀਜ਼ਾ ਧਾਰਕਾਂ 'ਤੇ US ਦੀ ਸਖ਼ਤੀ

Thursday, Dec 04, 2025 - 03:07 PM (IST)

'ਆਪਣੇ ਸੋਸ਼ਲ ਮੀਡੀਆ ਅਕਾਊਂਟ ਕਰੋ ਪਬਲਿਕ...', ਇਨ੍ਹਾਂ ਵੀਜ਼ਾ ਧਾਰਕਾਂ 'ਤੇ US ਦੀ ਸਖ਼ਤੀ

ਨਿਊਯਾਰਕ/ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਸਰਕਾਰ ਨੇ H-1B ਵੀਜ਼ਾ ਬਿਨੈਕਾਰਾਂ ਅਤੇ ਉਨ੍ਹਾਂ 'ਤੇ ਨਿਰਭਰ H-4 ਵੀਜ਼ਾ ਧਾਰਕਾਂ ਲਈ ਜਾਂਚ ਤੇ ਤਸਦੀਕ ਪ੍ਰਕਿਰਿਆਵਾਂ ਨੂੰ ਸਖ਼ਤ ਕਰ ਦਿੱਤਾ ਹੈ। ਨਵੇਂ ਨਿਰਦੇਸ਼ਾਂ ਤਹਿਤ, ਸਾਰੇ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਨਿੱਜਤਾ 'ਸੈਟਿੰਗਜ਼' ਜਨਤਕ (ਪਬਲਿਕ) ਰੱਖਣ ਲਈ ਕਿਹਾ ਗਿਆ ਹੈ।

ਕਦੋਂ ਤੋਂ ਲਾਗੂ
ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਜਾਰੀ ਕੀਤੇ ਨਵੇਂ ਆਦੇਸ਼ ਵਿੱਚ ਕਿਹਾ ਕਿ 15 ਦਸੰਬਰ ਤੋਂ ਸਾਰੇ H-1B ਬਿਨੈਕਾਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਆਨਲਾਈਨ ਮੌਜੂਦਗੀ ਦੀ ਸਮੀਖਿਆ ਕੀਤੀ ਜਾਵੇਗੀ।

ਕਿਹੜੇ ਵੀਜ਼ੇ ਸ਼ਾਮਲ
ਇਸ ਤੋਂ ਪਹਿਲਾਂ, ਵਿਦਿਆਰਥੀ ਵੀਜ਼ਾ (F, M) ਅਤੇ 'ਐਕਸਚੇਂਜ ਵਿਜ਼ੀਟਰ' ਵੀਜ਼ਾ (J ਵੀਜ਼ਾ) ਪਹਿਲਾਂ ਹੀ ਅਜਿਹੀ ਜਾਂਚ ਦੇ ਘੇਰੇ 'ਚ ਸਨ। ਹੁਣ ਇਸ ਜਾਂਚ ਦਾ ਦਾਇਰਾ H-1B ਅਤੇ H-4 ਵੀਜ਼ਾ ਤੱਕ ਵਧਾ ਦਿੱਤਾ ਗਿਆ ਹੈ। ਵਿਦੇਸ਼ ਵਿਭਾਗ ਨੇ ਇਸ ਜਾਂਚ ਨੂੰ ਸੁਖਾਲਾ ਬਣਾਉਣ ਲਈ ਸਾਰੇ H-1B, H-4, F, M ਅਤੇ J ਵੀਜ਼ਾ ਬਿਨੈਕਾਰਾਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਨਿੱਜਤਾ ਸੈਟਿੰਗਜ਼ ਨੂੰ ਪਬਲਿਕ ਕਰਨ ਦੇ ਨਿਰਦੇਸ਼ ਦਿੱਤੇ ਹਨ।

ਰਾਸ਼ਟਰੀ ਸੁਰੱਖਿਆ ਦਾ ਮਾਮਲਾ
ਵਿਭਾਗ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕੀ ਵੀਜ਼ਾ ਕੋਈ 'ਅਧਿਕਾਰ ਨਹੀਂ, ਸਗੋਂ ਇੱਕ ਵਿਸ਼ੇਸ਼ ਅਧਿਕਾਰ' ਹੈ। ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਉਪਲਬਧ ਸਾਰੀ ਜਾਣਕਾਰੀ ਦੀ ਵਰਤੋਂ ਕਰਕੇ ਬਿਨੈਕਾਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ। ਬਿਆਨ 'ਚ ਕਿਹਾ ਗਿਆ ਹੈ, 'ਹਰ ਵੀਜ਼ਾ ਫੈਸਲਾ ਇੱਕ ਰਾਸ਼ਟਰੀ ਸੁਰੱਖਿਆ ਦਾ ਫੈਸਲਾ ਹੈ'।

ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨਾ
ਇਹ ਕਦਮ ਟਰੰਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨ ਦੀ ਤਾਜ਼ਾ ਕਾਰਵਾਈ ਹੈ। ਪ੍ਰਸ਼ਾਸਨ H-1B ਵੀਜ਼ਾ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਆਪਕ ਕਾਰਵਾਈ ਕਰ ਰਿਹਾ ਹੈ, ਜਿਸਦੀ ਵਰਤੋਂ ਵੱਡੇ ਪੱਧਰ 'ਤੇ ਅਮਰੀਕੀ ਤਕਨਾਲੋਜੀ ਕੰਪਨੀਆਂ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਣ ਲਈ ਕਰਦੀਆਂ ਹਨ। ਭਾਰਤੀ ਪੇਸ਼ੇਵਰ, ਖਾਸ ਕਰਕੇ ਤਕਨਾਲੋਜੀ ਕਰਮੀ ਅਤੇ ਡਾਕਟਰ, H-1B ਵੀਜ਼ਾ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ।


author

Baljit Singh

Content Editor

Related News