ਅੰਡੇ ਖਾਣ ਨਾਲ ਘੱਟ ਜਾਵੇਗਾ ਦਿਲ ਦੀਆਂ ਬੀਮਾਰੀਆਂ ਦਾ ਖਤਰਾ : ਅਧਿਐਨ
Tuesday, May 22, 2018 - 03:37 PM (IST)

ਬੀਜਿੰਗ (ਬਿਊਰੋ)— ਚੀਨ ਵਿਚ ਕੀਤੇ ਗਏ ਇਕ ਅਧਿਐਨ ਮੁਤਾਬਕ ਰੋਜ਼ਾਨਾ ਦਿਨ ਵਿਚ ਇਕ ਵਾਰੀ ਅੰਡੇ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਦਾਅਵਾ ਪੇਕਿੰਗ ਯੂਨੀਵਰਸਿਟੀ ਹੈਲਥ ਸਾਇੰਸ ਸੈਂਟਰ ਦੇ ਸ਼ੋਧ ਕਰਤਾਵਾਂ ਨੇ ਇਕ ਅਧਿਐਨ ਵਿਚ ਕੀਤਾ। ਸ਼ੋਧ ਕਰਤਾਵਾਂ ਮੁਤਾਬਕ ਜਿੱਥੇ ਅੰਡੇ ਡਾਇਟਰੀ ਕੋਲੇਸਟਰੋਲ ਦਾ ਇਕ ਪ੍ਰਮੁੱਖ ਸਰੋਤ ਹਨ ਉੱਥੇ ਇਨ੍ਹਾਂ ਵਿਚ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਅਤੇ ਵਿਟਾਮਿਨ ਵੀ ਹੁੰਦੇ ਹਨ।
ਅਧਿਐਨ ਵਿਚ ਸ਼ੋਧ ਕਰਤਾਵਾਂ ਨੇ ਅੰਡੇ ਖਾਣ ਅਤੇ ਦਿਲ ਦੀਆਂ ਬੀਮਾਰੀਆਂ ਵਿਚਕਾਰ ਇਕ ਕੁਨੈਕਸ਼ਨ ਦੇਖਿਆ। ਉਨ੍ਹਾਂ ਨੇ ਚਾਈਨਾ ਕਡੌਰੀ ਬਾਇਓਬੈਂਕ ਸਟੱਡੀ ਦੇ ਡਾਟਾ ਦੀ ਵਰਤੋਂ ਕੀਤੀ। ਇਹ ਚੀਨ ਦੇ 10 ਵੱਖ-ਵੱਖ ਭੂਗੋਲਿਕ ਖੇਤਰਾਂ ਦੇ 30 ਤੋਂ 79 ਸਾਲ ਦੀ ਉਮਰ ਵਰਗ 'ਤੇ ਕੀਤਾ ਗਿਆ ਲਗਾਤਾਰ ਸੰਭਾਵਿਤ ਅਧਿਐਨ ਹੈ। ਸਾਲ 2004-08 ਵਿਚਕਾਰ ਭਰਤੀ ਹੋਏ ਇਕ ਭਾਗੀਦਾਰ ਤੋਂ ਪੁੱਛਿਆ ਗਿਆ ਕਿ ਉਹ ਅਕਸਰ ਕਿੰਨ ਅੰਡੇ ਖਾਂਦਾ ਹੈ ਅਤੇ ਇੰਨੇ ਸਾਲਾਂ ਵਿਚ ਕੀ ਉਸ ਨੇ ਇਸ ਨਿਯਮ ਦੀ ਪਾਲਨਾ ਕੀਤੀ ਸੀ। ਨਤੀਜੇ ਦੱਸਦੇ ਹਨ ਕਿ ਜਿਨ੍ਹਾਂ ਨੇ ਅੰਡੇ ਨਹੀਂ ਖਾਧੇ, ਉਨ੍ਹਾਂ ਦੀ ਤੁਲਨਾ ਵਿਚ ਰੋਜ਼ਾਨਾ ਅੰਡੇ ਖਾਣ ਵਾਲੇ ਦਿਲ ਦੀਆਂ ਬੀਮਾਰੀਆਂ ਦੇ ਘੱਟ ਖਤਰੇ ਨਾਲ ਜੁੜੇ ਹੋਏ ਹਨ। ਖਾਸ ਕਰਕੇ ਉਹ ਲੋਕ ਜੋ ਇਕ ਦਿਨ ਵਿਚ ਇਕ ਅੰਡਾ ਖਾਂਦੇ ਹਨ। ਉਨ੍ਹਾਂ ਵਿਚ ਹੇਮਰੇਜਿਕ ਸਟਰੋਕ ਨੂੰ 26 ਫੀਸਦੀ ਘੱਟ ਖਤਰਾ, ਸਟਰੋਕ ਨਾਲ ਮੌਤ ਦਾ 28 ਫੀਸਦੀ ਘੱਟ ਖਤਰਾ ਅਤੇ ਦਿਲ ਦੀਆਂ ਬੀਮਾਰੀਆਂ ਨਾਲ ਮੌਤ ਦਾ 18 ਫੀਸਦੀ ਘੱਟ ਖਤਰਾ ਸੀ।
ਪ੍ਰੋਫੈਸਰ ਲਿਮਿੰਗ ਲੀ ਦੀ ਅਗਵਾਈ ਵਿਚ ਸ਼ੋਧ ਕਰਤਾਵਾਂ ਨੇ ਕਿਹਾ,''ਵਰਤਮਾਨ ਅਧਿਐਨ ਵਿਚ ਪਾਇਆ ਗਿਆ ਹੈ ਕਿ ਅੰਡੇ ਦੀ ਖਪਤ ਦੇ ਮੱਧਮ ਪੱਧਰ (ਇਕ ਅੰਡਾ ਰੋਜ਼ਾਨਾ) ਅਤੇ ਲੋਅਰ ਕਾਰਡੀਏਕ ਈਵੈਂਟ ਰੇਟ ਵਿਚਕਾਰ ਇਕ ਸੰਬੰਧ ਹੈ।'' ਸਾਡੇ ਨਤੀਜੇ ਅੰਡੇ ਨੂੰ ਖਾਣ ਸੰਬੰਧੀ ਡਾਇਟਰੀ ਗਾਈਲ ਲਾਈਨਸ ਲਈ ਵਿਗਿਆਨਕ ਸਬੂਤ ਦਿੰਦੇ ਹਨ। ਹਾਲਾਂਕਿ ਹੋਰ ਸ਼ੋਧ ਕਰਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਨਤੀਜਿਆਂ ਨੂੰ ਸਾਵਧਾਨੀ ਨਾਲ ਟ੍ਰੀਟ ਕੀਤਾ ਜਾਵੇ। ਅਸੇਕਸ ਯੂਨੀਵਰਸਿਟੀ ਵਿਚ ਸਰੀਰ ਵਿਗਿਆਨ ਦੇ ਇਕ ਮਾਹਰ ਡਾਕਟਰ ਗੇਵਿਨ ਸੈਂਡਰਕਾਕ ਨੇ ਕਿਹਾ,''ਜੇ ਤੁਸੀਂ ਕਾਫੀ ਲੋਕਾਂ ਦਾ ਅਧਿਐਨ ਕਰਦੇ ਹੋ ਤਾਂ ਤੁਸੀਂ ਲੱਗਭਗ ਸਾਰੀਆਂ ਚੀਜ਼ਾਂ ਵਿਚ ਕੋ-ਰੀਲੇਸ਼ਨ ਲੱਭ ਸਕਦੇ ਹੋ। ਸਟੱਡੀ ਦੇ ਆਧਾਰ 'ਤੇ ਇਹ ਕਹਿਣਾ ਮੂਰਖਤਾ ਹੋਵੇਗੀ ਕਿ ਅੰਡੇ ਖਾਣਾ ਤੁਹਾਡੀ ਸਿਹਤ ਲਈ ਚੰਗਾ ਹੈ ਜਾਂ ਬੁਰਾ।''