CU ਨੇ ਤੁਰਕੀ ਤੇ ਅਜ਼ਰਬਾਈਜਾਨ ਦੀਆਂ 23 ਯੂਨੀਵਰਸਿਟੀਆਂ ਨਾਲ ਸਾਰੇ ਸਮਝੌਤੇ ਕੀਤੇ ਰੱਦ
Saturday, May 17, 2025 - 07:30 PM (IST)

ਮੋਹਾਲੀ/ਚੰਡੀਗੜ੍ਹ– ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਡਾ. ਸਤਨਾਮ ਸਿੰਘ ਸੰਧੂ ਨੇ ਐਲਾਨ ਕਰਦਿਆਂ ਕਿਹਾ ਕਿ ਦੇਸ਼ ਦੀ ਨੰਬਰ ਇੱਕ ਪ੍ਰਾਈਵੇਟ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਤੁਰਕੀ ਅਤੇ ਅਜ਼ਰਬਾਈਜਾਨ ਦੀਆਂ 23 ਯੂਨੀਵਰਸਿਟੀਆਂ ਨਾਲ ਆਪਣੇ ਸਾਰੇ ਸਮਝੌਤਿਆਂ (ਐੱਮਓਯੂ) ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
ਇਹ ਫੈਸਲਾ “ਆਪਰੇਸ਼ਨ ਸਿੰਦੂਰ” ਦੌਰਾਨ ਤੁਰਕੀ ਅਤੇ ਅਜ਼ਰਬਾਈਜਾਨ ਵੱਲੋਂ ਪਾਕਿਸਤਾਨ-ਪੱਖੀ ਰਵੱਈਆ ਅਖਤਿਆਰ ਕਰਨ ਅਤੇ ਅੱਤਵਾਦ ਦੀ ਪੌਸ਼ਟਕਾਰੀ ਕਰਨ ਵਾਲੇ ਪਾਕਿਸਤਾਨ ਦੀ ਮਦਦ ਕਰਨ ਦੇ ਸੰਦਰਭ ਵਿੱਚ ਲਿਆ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਹਿਤ ਨੂੰ ਸਬ ਤੋਂ ਉੱਪਰ ਰੱਖਦਿਆਂ ਇਹ ਕਦਮ ਚੁੱਕਿਆ ਹੈ।
ਡਾ. ਸੰਧੂ ਨੇ ਕਿਹਾ, "ਜਦੋਂ ਭਾਰਤ ਦੀ ਰਾਸ਼ਟਰੀ ਅਖੰਡਤਾ ਅਤੇ ਪ੍ਰਭੂਤਾ ਦੀ ਗੱਲ ਆਉਂਦੀ ਹੈ, ਤਾਂ ਅਸੀਂ ਕਿਸੇ ਵੀ ਚੀਜ਼ ਨਾਲ ਸਮਝੌਤਾ ਨਹੀਂ ਕਰਾਂਗੇ। ਜੋ ਦੇਸ਼ ਪਾਕਿਸਤਾਨ ਨੂੰ ਅੱਤਵਾਦੀ ਸਰਗਰਮੀਆਂ ਲਈ ਸਹਿਯੋਗ ਦੇ ਰਹੇ ਹਨ, ਉਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਗਠਜੋੜ ਮਨਜ਼ੂਰ ਨਹੀਂ।"
ਰੱਦ ਕੀਤੇ ਸਮਝੌਤਿਆਂ ਵਿੱਚ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ, ਸਾਂਝੇ ਰਿਸਰਚ ਪ੍ਰੋਜੈਕਟ, ਦੋਹਰੀ ਡਿਗਰੀ ਕੋਰਸ ਅਤੇ ਹੋਰ ਸਾਰੇ ਅਕਾਦਮਿਕ ਸਹਿਯੋਗ ਸ਼ਾਮਲ ਹਨ।
ਡਾ. ਸੰਧੂ ਨੇ ਕਿਹਾ ਕਿ ਇਹ ਸਮਾਂ ਦੇਸ਼ ਵਾਸੀਆਂ ਲਈ ਇਕਜੁੱਟ ਹੋਣ ਦਾ ਹੈ। "ਜਦੋਂ ਸਾਡੇ ਸਿਪਾਹੀ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਦੇਸ਼ ਦੀ ਰੱਖਿਆ ਕਰ ਰਹੇ ਹਨ, ਤਾਂ ਅਸੀਂ ਇੱਕ ਵਿਦਿਆ ਸੰਸਥਾ ਹੋਣ ਦੇ ਨਾਤੇ ਉਹਨਾਂ ਦੇ ਵਿਰੋਧੀ ਦੇਸ਼ਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਾਂਝ ਨਹੀਂ ਰੱਖ ਸਕਦੇ।"
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਤੁਰਕੀ ਅਤੇ ਅਜ਼ਰਬਾਈਜਾਨ ਵਰਗੇ ਦੇਸ਼ਾਂ ਵਿੱਚ ਪੜ੍ਹਾਈ ਕਰਨ ਦੀ ਬਜਾਏ ਭਾਰਤ-ਪੱਖੀ ਦੇਸ਼ਾਂ ਦੀ ਚੋਣ ਕਰਨ।
ਅੰਤ ਵਿੱਚ ਡਾ. ਸੰਧੂ ਨੇ ਕਿਹਾ, "ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ‘ਰਾਸ਼ਟਰ ਪਹਿਲਾਂ’ ਦੇ ਸਿਧਾਂਤ 'ਤੇ ਚੱਲੀ ਹੈ ਅਤੇ ਇਹ ਫੈਸਲਾ ਵੀ ਇਸੇ ਸਿਧਾਂਤ ਅਨੁਸਾਰ ਲਿਆ ਗਿਆ ਹੈ।"