ਸਿਆਸੀ ਫੈਸਲੇ ਅਦਾਲਤ ''ਚ ਨਹੀਂ ਬਲਕਿ ਪੋਲਿੰਗ ਸਟੇਸ਼ਨਾਂ ''ਤੇ ਲਏ ਜਾਣ : ਅੱਬਾਸੀ
Sunday, Apr 01, 2018 - 01:51 PM (IST)
ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ ਸਿਆਸੀ ਫੈਸਲੇ ਪੋਲਿੰਗ ਸਟੇਸ਼ਨਾਂ 'ਤੇ ਲਏ ਜਾਣੇ ਚਾਹੀਦੇ ਹਨ ਨਾ ਕਿ ਅਦਾਲਤਾਂ ਵਿਚ। ਅੱਬਾਸੀ ਦਾ ਇਹ ਬਿਆਨ ਸਪੱਸ਼ਟ ਤੌਰ 'ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਹਾਈ ਕੋਰਟ ਵੱਲੋਂ ਗੱਦੀਓਂ ਲਾਹੇ ਜਾਣ ਦੇ ਬਾਰੇ ਵਿਚ ਸੀ। ਹਾਈ ਕੋਰਟ ਨੇ 68 ਸਾਲਾ ਸ਼ਰੀਫ ਨੂੰ ਬੀਤੇ ਸਾਲ ਜੁਲਾਈ ਵਿਚ ਪਨਾਮਾ ਪੇਪਰ ਮਾਮਲੇ ਵਿਚ ਪ੍ਰਧਾਨ ਮੰਤਰੀ ਅਹੁਦੇ ਲਈ ਅਯੋਗ ਐਲਾਨ ਕੀਤਾ ਸੀ। ਡੇਰਾ ਗਾਜ਼ੀ ਖਾਂ ਵਿਚ ਕੱਲ ਜਨਤਾ ਨੂੰ ਸੰਬੋਧਿਤ ਕਰਦਿਆਂ ਅੱਬਾਸੀ ਨੇ ਕਿਹਾ,''ਵੋਟਰਾਂ ਨੂੰ ਸਿਆਸੀ ਫੈਸਲੇ ਲੈਣ ਦੇਣੇ ਚਾਹੀਦੇ ਹਨ।'' ਪਾਕਿਸਤਾਨ ਦੇ ਚੀਫ ਜਸਟਿਸ ਸ਼ਾਕਿਬ ਨਿਸਾਰ ਨਾਲ ਮੁਲਾਕਾਤ ਦੇ ਕਈ ਦਿਨਾਂ ਬਾਅਦ ਅੱਬਾਸੀ ਦੀ ਇਹ ਟਿੱਪਣੀ ਆਈ ਹੈ। ਇਸ ਮੁਲਾਕਾਤ ਅਤੇ ਉਸ ਮਗਰੋਂ ਜਸਟਿਸ ਨਿਸਾਰ ਵੱਲੋਂ ਪ੍ਰਧਾਨ ਮੰਤਰੀ ਨੂੰ ਬਿਨੈਕਾਰ ਦੱਸਣ ਕਾਰਨ ਸ਼ਰੀਫ ਗੁੱਸੇ ਵਿਚ ਆ ਗਏ ਸਨ। ਉਨ੍ਹਾਂ ਨੇ ਬਾਅਦ ਵਿਚ ਜਨਤਕ ਤੌਰ 'ਤੇ ਅੱਬਾਸੀ ਨੂੰ ਇਸ ਮੁਲਾਕਾਤ 'ਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਸੀ। ਅੱਬਾਸੀ ਨੇ ਕਿਹਾ,''ਇਹ ਅਜੀਬ ਪਰੰਪਰਾ ਹੈ ਕਿ ਜੋ ਕੋਈ ਵੀ ਦੇਸ਼ ਦੀ ਸਮੱਸਿਆ ਹੱਲ ਕਰਦਾ ਹੈ ਉਸ ਨੂੰ ਅਦਾਲਤ ਵਿਚ ਘਸੀਟਿਆ ਜਾਂਦਾ ਹੈ, ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਲੋਕਾਂ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।'' ਉਨ੍ਹਾਂ ਨੇ ਚਿਤਾਵਨੀ ਦਿੱਤੀ,''ਇਹ ਪਾਕਿਸਤਾਨ ਦੀ ਪਰੰਪਰਾ ਨਹੀਂ ਹੈ। ਇਹ ਪਰੰਪਰਾ ਪਾਕਿਸਤਾਨ ਵਿਚ ਰਾਜਨੀਤੀ ਨੂੰ ਸਨਮਾਨ ਨਹੀਂ ਦਵਾ ਸਕਦੀ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਫੈਸਲਾ ਅਦਾਲਤੀ ਫੈਸਲਿਆਂ ਨਾਲੋਂ ਹਮੇਸ਼ਾ ਮਹੱਤਵਪੂਰਣ ਹੂੰਦਾ ਹੈ।