ਜੂਏ ’ਚ ਹਾਰ ਬਰਦਾਸ਼ਤ ਨਹੀਂ ਕਰ ਸਕਿਆ ਗੈਂਗਸਟਰ, ਜਿੱਤਣ ਵਾਲੇ ਤੋਂ ਲੁੱਟੇ 7 ਲੱਖ ਤੇ ਰਿਵਾਲਵਰ
Sunday, Oct 27, 2024 - 03:58 AM (IST)
ਲੁਧਿਆਣਾ (ਤਰੁਣ) - ਦੀਵਾਲੀ ਨੇੜੇ ਆਉਂਦੇ ਹੀ ਜੁਏ ਦਾ ਦੌਰ ਪੂਰੇ ਮਹਾਨਗਰ ’ਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਆਏ ਦਿਨ ਹੋਟਲਾਂ, ਕੰਪਲੈਕਸਾਂ ਅਤੇ ਹੋਰ ਟਿਕਾਣਿਆਂ ’ਤੇ ਹਾਰ ਜਿੱਤ ਤੋਂ ਬਾਅਦ ਕੁੱਟਮਾਰ ਦੇ ਮਾਮਲੇ ਹੋ ਰਹੇ ਹਨ, ਜਿਨ੍ਹਾਂ ’ਚੋਂ ਇੱਕਾ-ਦੁੱਕਾ ਕੇਸ ਹੀ ਪੁਲਸ ਤੱਕ ਪੁੱਜ ਪਾਉਂਦੇ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਦਰੇਸੀ ਨੇੜੇ ਸ਼ਿਵਪੁਰੀ ਦਾ ਹੈ, ਜਦੋਂ ਜਲੰਧਰ ਦਾ ਇਕ ਵਿਅਕਤੀ ਜੂਏ ’ਚ ਪੈਸੇ ਜਿੱਤ ਕੇ ਦੋਸਤਾਂ ਦੇ ਨਾਲ ਘਰ ਪਰਤ ਰਿਹਾ ਸੀ ਤਾਂ ਜੂਏ ’ਚ ਹਾਰਨ ਵਾਲੇ ਗੈਂਗਸਟਰ ਨੇ ਜਿੱਤਣ ਵਾਲੀ ਧਿਰ ਨੂੰ ਸ਼ਿਵਪੁਰੀ ਦੇ ਕੋਲ ਘੇਰ ਲਿਆ ਅਤੇ 7 ਲੱਖ ਰੁਪਏ ਅਤੇ ਇਕ ਲਾਇਸੈਂਸੀ ਰਿਵਾਲਵਰ ਲੁੱਟ ਲਈ। ਘਟਨਾ ਵੀਰਵਾਰ ਰਾਤ ਦੀ ਹੈ।
ਰੁਪਏ ਦੇਣ ਤੋਂ ਬਾਅਦ ਅਤੇ ਇਕ ਦਿਨ ਦੇ ਚਿੰਤਨ ਮੰਥਨ ਤੋਂ ਬਾਅਦ ਜਲੰਧਰ ਨਿਵਾਸੀ ਅਜੇ ਕੁਮਾਰ ਨੇ ਲੁਧਿਆਣਾ ਪੁਲਸ ਦੇ ਉੱਚ ਅਧਿਾਕਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਵਿਅਕਤੀ ਮਯੰਕ ਖੰਨਾ ਨਿਵਾਸੀ ਹਰਗੋਬਿੰਦ ਨਗਰ ਨੂੰ ਕਾਬੂ ਕੀਤਾ ਹੈ, ਜਦੋਂਕਿ ਰਿਸ਼ਭ ਬੈਨੀਪਾਲ ਉਰਫ ਨਾਨੂ ਨਿਵਾਸੀ ਧਰਮਪੁਰਾ, ਇਸ਼ਾਂਤ ਛੱਤਵਾਲ ਨਿਵਾਸੀ ਸੁਭਾਨੀ ਬਿਲਡਿੰਗ ਅਤੇ ਦਮਨ ਖੁਰਾਣਾ ਨਿਵਾਸੀ ਨੇੜੇ ਸਿਵਲ ਹਸਪਤਾਲ ਸਮੇਤ 4 ਅਣਪਛਤੇ ਵਿਅਕਤੀਆਂ ਖਿਲਾਫ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਥਾਣਾ ਡਵੀਜ਼ਨ ਨੰ. 3 ਦੇ ਇਲਾਕੇ ’ਚ ਸਥਿਤ ਇਕ ਕੰਪਲੈਕਸ ’ਚ ਗੈਂਗਸਟਰ ਨਾਨੂ ਅਤੇ ਜਲੰਧਰ ਦੇ ਅਜੇ ਕੁਮਾਰ ’ਚ ਜੁਏ ਦੇ ਦਾਅ ਲੱਗ ਰਹੇ ਸਨ। ਨਾਨੂ ਭਾਰੀ ਮਾਤਰਾ ’ਚ ਪੈਸੇ ਹਾਰ ਗਿਆ। ਜਿੱਤ ਦਰਜ ਕਰਨ ਤੋਂ ਬਾਅਦ ਅਜੇ ਆਪਣੇ ਦੋਸਤਾਂ ਨਾ ਫਾਰਚਿਊਨਰ ਕਾਰ ’ਚ ਜਲੰਧਰ ਵੱਲ ਰਵਾਨਾ ਹੋਇਆ। ਨਾਨੂ ਨੂੰ ਹਾਰ ਬਰਦਾਸ਼ਤ ਨਹੀਂ ਹੋਈ ਤਾਂ ਉਹ ਆਪਣੇ ਸਾਥੀਆਂ ਨੂੰ ਲੈ ਕੇ ਅਜੇ ਦਾ ਪਿੱਛਾ ਕਰਨ ਲੱਗਾ। ਨਾਨੂ ਅਤੇ ਉਸ ਦੇ ਦੋਸਤਾਂ ਨੇ ਕਰੇਟਾ ਕਾਰ ਨੂੰ ਅਜੇ ਦੀ ਫਾਰਚਿਊਨਰ ਕਾਰ ਦੇ ਅੱਗੇ ਲਗਾ ਦਿੱਤਾ ਅਤੇ ਗੱਡੀ ’ਚ ਬੈਠ ਗਏ।
ਨਾਨੂ ਨੇ ਅਜੇ ਦੇ ਬੈਗ ’ਚ ਪਏ 3 ਲੱਖ ਰੁਪਏ ਲੁੱਟ ਲਏ ਅਤੇ ਉਸ ਦੇ ਦੋਸਤ ਕਨਿਸ਼ਕ ਗੁਪਤਾ ਦਾ ਲਾਇਸੈਂਸੀ ਰਿਵਾਲਵਰ ਖੋਹ ਲਿਆ। ਮੁਲਜ਼ਮ ਜਾਨ ਬਖਸ਼ਣ ਬਦਲੇ 15 ਲੱਖ ਰੁਪਏ ਦੀ ਮੰਗ ਕਰਨ ਲੱਗੇ, ਜਿਸ ਤੋਂ ਬਾਅਦ ਜਾਨ ਬਚਾਉਣ ਲਈ ਉਸ ਨੇ ਆਪਣੇ ਦੋਸਤ ਹਰਪ੍ਰੀਤ ਨੂੰ ਕਾਲ ਕਰ ਕੇ 5 ਲੱਖ ਰੁਪਏ ਮੰਗਵਾਏ ਅਤੇ ਨਾਨੂ ਅਤੇ ਉਸ ਦੇ ਦੋਸਤਾਂ ਨੂੰ ਦਿੱਤੇ। ਘਟਨਾ ਤੋਂ ਬਾਅਦ ਮੁਲਜ਼ਮ ਉਸ ਨੂੰ ਧਮਕਾਉਂਦੇ ਹੋਏ ਫਰਾਰ ਹੋ ਗਏ।
ਇਸ ਸਬੰਧੀ ਥਾਣਾ ਦਰੇਸੀ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦਰਮਿਆਨ ਜੁੂਏ ’ਚ ਹਾਰ-ਜਿੱਤ ਕਾਰਨ ਵਿਵਾਦ ਹੋਇਆ ਹੈ। ਮੁਲਜ਼ਮ ਨਾਨੂ ਮਯੰਕ ਸਮੇਤ 8 ਮੁਲਜ਼ਮਾਂ ਨੇ ਕਰੀਬ 7 ਲੱਖ ਰੁਪਏ ਅਤੇ ਲਾਇਸੈਂਸੀ ਰਿਵਾਲਵਰ ਲੁੱਟਿਆ ਹੈ। ਹਾਲ ਦੀ ਘੜੀ ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਮਯੰਕ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ।