ਕੀ ਇਸ ਵਾਰ ਤਲਵੰਡੀ ਭਾਈ, ਮੁੱਦਕੀ, ਮੱਖੂ ਤੇ ਗੁਰੂਹਰਸਹਾਏ ’ਚ ਨਹੀਂ ਵਿਕਣਗੇ ਪਟਾਕੇ?

Wednesday, Oct 30, 2024 - 10:21 AM (IST)

ਕੀ ਇਸ ਵਾਰ ਤਲਵੰਡੀ ਭਾਈ, ਮੁੱਦਕੀ, ਮੱਖੂ ਤੇ ਗੁਰੂਹਰਸਹਾਏ ’ਚ ਨਹੀਂ ਵਿਕਣਗੇ ਪਟਾਕੇ?

ਮੁੱਦਕੀ/ਘੱਲ ਖ਼ੁਰਦ (ਹੈਪੀ) : ਸਾਲ 2024 ਦੀ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਆਦਿ ਤਿਉਹਾਰਾਂ ਦੇ ਮੌਕਿਆਂ ’ਤੇ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਅੰਦਰ ਸਿਰਫ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਛਾਉਣੀ, ਮਮਦੋਟ, ਮੱਲਾਂਵਾਲਾ ਅਤੇ ਜ਼ੀਰਾ 'ਚ ਹੀ 20 ਲੋਕਾਂ ਨੂੰ ਲਾਇਸੈਂਸ ਜਾਰੀ ਹੋਏ ਹਨ ਅਤੇ ਇਨ੍ਹਾਂ ਸ਼ਹਿਰਾਂ ’ਚ ਵੀ ਪਟਾਕਿਆਂ ਦੀ ਵਿਕਰੀ ਲਈ ਸ਼ਹਿਰ ਤੋਂ ਬਾਹਰ ਖੁੱਲ੍ਹੇ ਮੈਦਾਨ ਨਿਰਧਾਰਿਤ ਕੀਤੇ ਗਏ ਹਨ। ਦੱਸ ਦੇਈਏ ਕਿ ਜ਼ਿਲ੍ਹਾ ਫਿਰੋਜ਼ਪੁਰ ’ਚ ਛੋਟੀਆਂ-ਵੱਡੀਆਂ ਕੁੱਲ 9 ਮਿਊਂਸੀਪੈਲਿਟੀਆਂ ਹਨ, ਜਿਨ੍ਹਾਂ ’ਚੋਂ ਉਕਤ 5 ਸ਼ਹਿਰਾਂ ਵਿਚ ਤਾਂ ਪਟਾਕਿਆਂ ਦੀ ਵਿਕਰੀ ਦੇ ਲਾਇਸੈਂਸ ਜਾਰੀ ਹੋਏ ਹਨ, ਜਦ ਕਿ ਤਲਵੰਡੀ ਭਾਈ, ਮੁੱਦਕੀ, ਮੱਖੂ ਅਤੇ ਗੁਰੂਹਰਸਹਾਏ ’ਚ ਕਿਸੇ ਵੀ ਪਟਾਕਾ ਵਿਕਰੇਤਾ ਨੂੰ ਕੋਈ ਲਾਇਸੈਂਸ ਜਾਰੀ ਨਹੀਂ ਹੋਇਆ ਹੈ।

ਜ਼ਿਲ੍ਹਾ ਮੈਜਿਸਟਰੇਟ ਦੀਪਸ਼ਿਖਾ ਸ਼ਰਮਾ ਵੱਲੋਂ 25 ਅਕਤੂਬਰ ਨੂੰ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਉਕਤ 5 ਸ਼ਹਿਰਾਂ ਤੋਂ ਇਲਾਵਾ ਹੋਰ ਕਿਸੇ ਪਿੰਡ-ਸ਼ਹਿਰ ਜਾਂ ਕਸਬੇ ਅੰਦਰ ਪਟਾਕਿਆਂ ਦੀ ਵਿਕਰੀ ’ਤੇ ਸਖ਼ਤ ਪਾਬੰਦੀ ਹੈ। ਹੁਣ ਜੇਕਰ ਕਾਨੂੰਨ ਅਤੇ ਜ਼ਿਲ੍ਹਾ ਮੈਜਿਸਟਰੇਟ ਦੇ ਉਕਤ ਹੁਕਮਾਂ ਦੀ ਗੱਲ ਕਰੀਏ ਤਾਂ ਉਕਤ ਸ਼ਹਿਰਾਂ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਅਤੇ ਉਕਤ 20 ਲਾਇਸੈਂਸ ਧਾਰਕ ਲੋਕਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਪਟਾਕੇ ਵੇਚਣ ਦੀ ਕੋਈ ਛੋਟ ਨਹੀਂ ਹੈ ਤਾਂ ਇਸ ਦਾ ਇਹ ਭਾਵ ਹੈ ਕਿ ਕਿਸੇ ਵੀ ਹੋਰ ਜਗ੍ਹਾ ਅਤੇ ਕਿਸੇ ਵੀ ਹੋਰ ਵਿਅਕਤੀ ਵੱਲੋਂ ਉਕਤ ਸਾਰੇ ਤਿਉਹਾਰਾਂ ’ਤੇ ਪਟਾਕੇ ਨਹੀਂ ਵੇਚੇ ਜਾ ਸਕਦੇ ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ।

ਜ਼ਿਲ੍ਹਾ ਫਿਰੋਜ਼ਪੁਰ ਦੇ ਹਰ ਛੋਟੇ-ਵੱਡੇ ਕਸਬੇ ਅਤੇ ਸ਼ਹਿਰ ’ਚ ਪਟਾਕੇ ਵੱਡੇ ਪੱਧਰ ’ਤੇ ਸਟੋਰ ਕੀਤੇ ਹੋਏ ਹਨ ਅਤੇ ਭੀੜ ਭਰੇ ਬਾਜ਼ਾਰਾਂ, ਸੰਘਣੀਆਂ ਆਬਾਦੀਆਂ ਅਤੇ ਗਲੀ-ਮੁਹੱਲਿਆਂ ’ਚ ਸ਼ਰੇਆਮ ਸਟਾਲ ਵੀ ਲੱਗੇ ਹੋਏ ਹਨ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਹੇਠਲੇ ਪ੍ਰਸ਼ਾਸਨ ਵੱਲੋਂ ਲਾਗੂ ਕੀਤਾ ਜਾਣਾ ਹੁੰਦਾ ਹੈ ਪਰ ਇੱਥੇ ਕਿਸੇ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਅਜਿਹੇ ’ਚ ਉਕਤ ਲਾਗੂ ਕੀਤੀਆਂ ਪਾਬੰਦੀਆਂ ਹਵਾ ’ਚ ਉੱਡਦੀਆਂ ਦਿਖਾਈ ਦੇ ਰਹੀਆਂ ਹਨ।
 


author

Babita

Content Editor

Related News