ਓਟਾਵਾ ਦੇ ਅਧਿਆਪਕ ''ਤੇ ਲੱਗੇ ਸਰੀਰਕ ਸ਼ੋਸ਼ਣ ਦੇ ਦੋਸ਼

03/17/2018 2:16:32 AM

ਓਨਟਾਰੀਓ— ਓਟਾਵਾ ਦੇ ਅਲਟਾ ਵਿਸਟਾ 'ਚ ਇਕ 55 ਸਾਲਾਂ ਅਧਿਆਪਕ 'ਤੇ ਇਕ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਹੈ। ਅਧਿਆਪਕ 'ਤੇ 2014 ਤੋਂ 2016 ਦੇ ਵਿਚਕਾਰ ਸਥਾਨਕ ਕੈਥੋਲਿਕ ਸਕੂਲ 'ਚ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਹੈ।
ਰੋਬਰਟ ਲਾਵਰਗਨ ਇਸ ਸਮੇਂ ਦੌਰਾਨ ਸੈਂਟ ਪੈਟਰਿਕ ਹਾਈ ਸਕੂਲ ਐਲਟਾ ਵਿਸਟਾ 'ਚ ਪੜਾਉਂਦਾ ਸੀ। ਪੁਲਸ ਦਾ ਇਸ ਮਾਮਲੇ 'ਚ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਹੋਰ ਵੀ ਅਜਿਹੀਆਂ ਘਟਨਾਵਾਂ ਹੋਣ ਦਾ ਸ਼ੱਕ ਹੈ। ਲਾਵਰਗਨ 'ਤੇ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਹੈ ਤੇ ਇਸ ਮਾਮਲੇ 'ਚ 25 ਅਪ੍ਰੈਲ ਨੂੰ ਉਸ ਦੀ ਕੋਰਟ 'ਚ ਪੇਸ਼ੀ ਹੈ। ਉਧਰ ਓਟਾਵਾ ਕੈਥੋਲਿਕ ਸਕੂਲ ਬੋਰਡ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਕਿਹਾ ਕਿ ਉਹ ਇਨ੍ਹਾਂ ਸਾਰੇ ਦੋਸ਼ਾਂ ਬਾਰੇ ਜਾਣ ਕੇ ਬਹੁਤ ਸ਼ਰਮਿੰਦਾ ਹਨ। ਉਨ੍ਹਾਂ ਬਿਆਨ 'ਚ ਕਿਹਾ ਕਿ ਲਾਵਰਗਨ ਨੂੰ ਫਰਵਰੀ 'ਚ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਇਸ ਸਬੰਧੀ ਚਿੱਠੀ ਪੀੜਤ ਦੇ ਪਰਿਵਾਰ ਨੂੰ ਵੀ ਭੇਜੀ ਗਈ ਸੀ।
ਬੋਰਡ ਦੇ ਸਿੱਖਿਆ ਡਾਇਰੈਕਟਰ ਡੈਨਿਸ ਆਂਦਰੇ ਨੇ ਆਪਣੇ ਬਿਆਨ 'ਚ ਕਿਹਾ ਕਿ ਸਾਡੀ ਸਭ ਤੋਂ ਵੱਡੀ ਤਰਜੀਹ ਸਾਰੇ ਬੱਚਿਆਂ ਦਾ ਭਲਾ ਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਹੈ। ਅਸੀਂ ਇਸ ਸਾਰੀ ਘਟਨਾ ਬਾਰੇ ਪੁਲਸ ਨਾਲ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ। ਸਾਨੂੰ ਇਸ ਗੱਲ 'ਤੇ ਖੇਦ ਹੈ ਕਿ ਅਜਿਹੀ ਘਟਨਾ ਸਾਡੇ ਸਕੂਲ 'ਚ ਵਾਪਰੀ ਹੈ। ਬੋਰਡ ਨੇ ਕਿਹਾ ਕਿ ਕਾਊਂਸਲਿੰਗ ਤੇ ਸੈਂਟਰਲ ਪ੍ਰੋਫੈਸ਼ਨਲ ਰਿਸੋਰਸਸ ਵੀ ਵਿਦਿਆਰਥੀਆਂ, ਸਟਾਫ ਤੇ ਪਰਿਵਾਰਾਂ ਲਈ ਹਰ ਵੇਲੇ ਮੌਜੂਦ ਹਨ। ਇਸ ਦੇ ਨਾਲ ਹੀ ਪੁਲਸ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਹੋਰ ਵਿਦਿਆਰਥੀ ਜਾਂ ਸਟਾਫ ਮੈਂਬਰ ਨਾਲ ਕੋਈ ਅਜਿਹੀ ਘਟਨਾ ਵਾਪਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰ ਸਕਦਾ ਹੈ।


Related News