ਕੋਰੋਨਾ ਵਾਇਰਸ ਦੇ ਡਰ ਕਾਰਨ ਦੱਖਣੀ ਅਫਰੀਕੀ ਕੋਚ ਨੇ ਆਪਣੇ ਖਿਡਾਰੀਆਂ ਨੂੰ ਦਿੱਤੀ ਖਾਸ ਸਲਾਹ
Wednesday, Mar 18, 2020 - 12:41 PM (IST)
ਨਵੀਂ ਦਿੱਲੀ : ਸਾਬਕਾ ਭਾਰਤੀ ਵਿਕਟਕੀਪਰ ਅਤੇ ਦੱਖਣੀ ਅਫਰੀਕਾ ਟੀਮ ਦੇ ਮੁੱਖ ਕੋਚ ਮਾਰਕ ਬਾਊਚਰ ਨੇ ਕੋਰੋਨਾ ਵਾਇਰਸ ਕਾਰਨ ਆਪਣੀ ਟੀਮ ਦੇ ਸਾਥੀਆਂ ਨੂੰ 2 ਹਫਤੇ ਤਕ ਫੋਨ ਬੰਦ ਰੱਖਣ ਲਈ ਕਿਹਾ ਹੈ। ਬਾਊਚਰ ਨੇ ਮੰਗਲਵਾਰ ਨੂੰ ਟਵੀਟ ਕਰਦਿਆਂ ਲਿਖਿਆ, ''ਇਸ ਵਿਸ਼ਵ ਪੱਧਰੀ ਬੰਦ ਵਿਚ ਜੋ ਇਕ ਚੀਜ਼ ਦੀ ਕਮੀ ਹੈ, ਉਹ ਹੈ ਫੋਨ। 2 ਹਫਤੇ ਲਈ ਫੋਨ ਬੰਦ ਕਰਨ ਦੇ ਬਾਰੇ ਵਿਚ ਕੀ ਵਿਚਾਰ ਹੈ?
ਇਸ ਸਮੇਂ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਬੀਮਾਰੀ ਨਾਲ ਹੁਣ ਤਕ 7984 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਦੁਨੀਆ ਭਰ ਵਿਚ ਕੁਲ 1,98,412 ਲੋਕ ਲਪੇਟ 'ਚ ਹਨ। ਕੋਰੋਨਾ ਮਹਾਮਾਰੀ ਕਾਰਨ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਵਨ ਡੇ ਮੈਚਾਂ ਦੀ ਸੀਰੀਜ਼ ਵੀ ਰੱਦ ਕਰ ਦਿੱਤੀ ਗਈ।
ਕੋਵਿਡ-19 ਕਾਰਨ ਭਾਰਤ ਖਿਲਾਫ ਵਨ ਡੇ ਸੀਰੀਜ਼ ਰੱਦ ਹੋਣ ਤੋਂ ਬਾਅਦ ਦੱਖਣੀ ਅਫਰੀਕੀ ਕ੍ਰਿਕਟ ਟੀਮ ਕੋਲਕਾਤਾ ਦੇ ਰਸਤੇ ਵਤਨ ਪਰਤ ਗਈ। ਸੀਰੀਜ਼ ਵਿਚ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਧਰਮਸ਼ਾਲਾ ਵਿਚ ਪਹਿਲੇ ਵਨ ਡੇ ਵਿਚ ਮੀਂਹ ਪੈ ਗਿਆ ਸੀ, ਜਦਕਿ ਲਖਨਊ ਵਿਚ ਦੂਜੇ ਵਨ ਡੇ ਤੋਂ ਪਹਿਲਾਂ ਸੀਰੀਜ਼ ਵੀ ਰੱਦ ਕਰ ਦਿੱਤੀ ਗਈ। ਦੱਖਣੀ ਅਫਰੀਕੀ ਟੀਮ ਦੁਬਈ ਦੇ ਰਸਤੇ ਪਰਤਣ ਲਈ ਕੋਲਕਾਤਾ ਪਹੁੰਚੀ ਸੀ। ਬੀ. ਸੀ. ਸੀ. ਦੇ ਅਧਿਕਾਰੀ ਨੇ ਖੁਲਾਸਾ ਕੀਤਾ ਸੀ ਕਿ ਭਾਰਤ ਵਿਚ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਦੱਖਣੀ ਅਫਰੀਕੀ ਟੀਮ ਸੀਰੀਜ਼ ਵਿਚ ਹਿੱਸਾ ਲੈਣ ਲਈ ਤਿਆਰ ਨਹੀਂ ਸੀ ਅਤੇ ਜਲਦੀ ਤੋਂ ਜਲਦੀ ਵਤਨ ਪਰਤਣਾ ਚਾਹੁੰਦੀ ਸੀ।