ਦੱਖਣੀ ਅਫਰੀਕਾ ਨੂੰ ਇਕ ਫਰਵਰੀ ਤੱਕ 10 ਲੱਖ ਕੋਰੋਨਾ ਟੀਕਿਆਂ ਦੀ ਖ਼ੁਰਾਕ ਭੇਜੇਗਾ ਭਾਰਤ
Thursday, Jan 28, 2021 - 03:59 PM (IST)
ਜੌਹਾਨਸਬਰਗ- ਦੱਖਣੀ ਅਫਰੀਕਾ ਦੇ ਸਿਹਤ ਮੰਤਰੀ ਡਾ. ਜਵੇਲੀ ਮਖਿਜ ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤ ਤੋਂ ਇਕ ਫਰਵਰੀ ਨੂੰ ਕੋਰੋਨਾ ਵਾਇਰਸ ਦੇ 10 ਲੱਖ ਟੀਕਿਆਂ ਦੀ ਖ਼ੁਰਾਕ ਆਵੇਗੀ। ਮਖਿਜ ਨੇ ਇਕ ਆਨਲਾਈਨ ਸੰਮੇਲਨ ਵਿਚ ਦੱਸਿਆ ਕਿ ਦੁਬਈ ਤੋਂ ਹੋ ਕੇ ਖੁਰਾਕਾਂ ਦੇ ਇੱਥੇ ਪੁੱਜਣ ਦੇ ਬਾਅਦ 10 ਤੋਂ 14 ਦਿਨਾਂ ਦੇ ਅੰਦਰ ਹੋਰ ਪ੍ਰਕਿਰਿਆਵਾਂ ਪੂਰੀਆਂ ਕਰਨ ਮਗਰੋਂ ਟੀਕਿਆਂ ਨੂੰ ਵੱਖ-ਵੱਖ ਸੂਬਿਆਂ ਵਿਚ ਭੇਜਿਆ ਜਾਵੇਗਾ।
ਮਖਿਜ ਨੇ ਪਹਿਲਾਂ ਘੋਸ਼ਣਾ ਕੀਤੀ ਸੀ ਕਿ ਭਾਰਤ ਤੋਂ 10 ਲੱਖ ਟੀਕਿਆਂ ਦੀਆਂ ਖੁਰਾਕਾਂ ਦੀ ਪਹਿਲੀ ਖੇਪ ਜਨਵਰੀ ਅੰਤ ਤੱਕ ਦੱਖਣੀ ਅਫਰੀਕਾ ਪੁੱਜੇਗੀ ਅਤੇ ਇਸ ਦੇ ਬਾਅਦ ਫਰਵਰੀ ਵਿਚ ਹੋਰ 5 ਲੱਖ ਖੁਰਾਕਾਂ ਆਉਣਗੀਆਂ। ਟੀਕਾਕਰਣ ਪ੍ਰੋਗਰਾਮ ਦੇ ਪਹਿਲੇ ਪੜਾਅ ਵਿਚ ਸਿਹਤ ਕਰਮਚਾਰੀਆਂ ਅਤੇ ਹੋਰ ਫਰੰਟ ਲਾਈਨ ਕਰਮਚਾਰੀਆਂ ਨੂੰ ਟੀਕੇ ਲੱਗਣਗੇ। ਇਸ ਦਾ ਟੀਚਾ 2021 ਦੇ ਅਖੀਰ ਤੱਕ ਦੱਖਣੀ ਅਫਰੀਕਾ ਦੀ 5.85 ਕਰੋੜ ਆਬਾਦੀ ਵਿਚੋਂ 67 ਫ਼ੀਸਦੀ ਨੂੰ ਟੀਕਾ ਲਗਾਉਣਾ ਹੈ।
ਮੰਤਰੀ ਨੇ ਕਿਹਾ, ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਇਕ ਸਾਲ ਦੇ ਅੰਦਰ 10 ਲੱਖ ਖੁਰਾਕਾਂ ਪ੍ਰਾਪਤ ਕਰਨਾ ਇਕ ਵੱਡੀ ਉਪਲਬਧੀ ਹੈ। ਉਨ੍ਹਾਂ ਨੇ ਟ੍ਰਾਇਲ ਵਿਚ ਸ਼ਾਮਲ ਹੋਏ ਸਵੈਸੇਵੀਆ ਦੀ ਸਿਫ਼ਤ ਵੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਨੂੰ ਟੀਕੇ ਮੁਫ਼ਤ ਲਗਾਏ ਜਾਣਗੇ।