ਟਰੱਕ ਦੀ ਟੱਕਰ ’ਚ ਜਾਨ ਗਵਾਉਣ ਵਾਲੇ ਕਾਰ ਚਾਲਕ ਦੇ ਪਰਿਵਾਰ ਨੂੰ 48 ਲੱਖ ਮੁਆਵਜ਼ਾ ਦੇਣ ਦਾ ਹੁਕਮ
Monday, May 18, 2026 - 11:57 AM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 8 ਸਾਲ ਪਹਿਲਾਂ ਟਰੱਕ-ਕਾਰ ਦੀ ਟੱਕਰ ਕਾਰਨ ਜਾਨ ਗਵਾਉਣ ਵਾਲੇ ਪਟਿਆਲਾ ਵਾਸੀ ਵਿਅਕਤੀ ਦੇ ਪਰਿਵਾਰ ਨੂੰ 48 ਲੱਖ 62 ਹਜ਼ਾਰ 855 ਰੁਪਏ ਮੁਆਵਜ਼ੇ ਵੱਜੋਂ ਦੇਣ ਦਾ ਹੁਕਮ ਦਿੱਤਾ ਹੈ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਨਿਰੀਖਣਾਂ ਦੇ ਆਧਾਰ ’ਤੇ ਇਹ ਮੰਨਿਆ ਕਿ ਟਰੱਕ ਮਾਲਕ, ਟਰੱਕ ਚਾਲਕ ਤੇ ਵਾਹਨ ਦੀ ਬੀਮਾ ਕੰਪਨੀ ਸਾਂਝੇ ਤੌਰ ਤੇ ਨਿੱਜੀ ਤੌਰ ’ਤੇ ਮੁਆਵਜ਼ੇ ਦੀ ਰਕਮ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹਨ।
ਮੁਲਜ਼ਮ ਧਿਰ ਨੇ ਦਾਇਰ ਕੀਤਾ ਜਵਾਬ
ਨੋਟਿਸ ਜਾਰੀ ਕੀਤੇ ਜਾਣ ’ਤੇ ਟਰੱਕ ਮਾਲਕ ਨੇ ਲਿਖਤੀ ਬਿਆਨ ’ਚ ਕਿਹਾ ਕਿ ਟਰੱਕ ਦਾ ਬੀਮਾ ਵੈਧ ਸੀ। ਹਾਲਾਂਕਿ ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਵਾਹਨ ਤੋਂ ਹਾਦਸਾ ਨਹੀਂ ਹੋਇਆ ਸੀ। ਉਸ ਨੂੰ ਝੂਠਾ ਫਸਾਇਆ ਗਿਆ ਹੈ ਤੇ ਐੱਫ. ਆਈ. ਆਰ. ’ਚ ਗਲਤ ਤਰੀਕੇ ਨਾਲ ਨਾਮਜ਼ਦ ਕੀਤਾ ਗਿਆ ਹੈ। ਟਰੱਕ ਚਾਲਕ ਨੇ ਕਿਹਾ ਕਿ ਉਸ ਤੋਂ ਗੱਡੀ ਚਲਾਉਂਦੇ ਸਮੇਂ ਕੋਈ ਹਾਦਸਾ ਨਹੀਂ ਹੋਇਆ ਅਤੇ ਪੁਲਸ ਨੇ ਨਾਜਾਇਜ਼ ਮੁਆਵਜ਼ਾ ਦਿਵਾਉਣ ਦੇ ਮਕਸਦ ਨਾਲ ਉਸ ਨੂੰ ਝੂਠਾ ਫਸਾਇਆ ਹੈ। ਇਸੇ ਤਰ੍ਹਾਂ ਬੀਮਾ ਕੰਪਨੀ ਨੇ ਜਵਾਬ ’ਚ ਕਿਹਾ ਕਿ ਹਾਦਸੇ ਸਮੇਂ ਗੱਡੀ ਚਾਲਕ ਕੋਲ ਵੈਧ ਤੇ ਪ੍ਰਭਾਵੀ ਡਰਾਈਵਿੰਗ ਲਾਈਸੈਂਸ ਨਹੀਂ ਸੀ ਤੇ ਉਹ ਮੋਟਰ ਵਾਹਨ ਐਕਟ ਦੀਆਂ ਸ਼ਰਤਾਂ ਤੇ ਨਿਯਮਾਂ ਦੀ ਉਲੰਘਣਾ ਕਰਕੇ ਵਾਹਨ ਚਲਾ ਰਿਹਾ ਸੀ। ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਦਾਅਵੇਦਾਰਾਂ ਦੁਆਰਾ ਮੰਗੀ ਮੁਆਵਜ਼ੇ ਦੀ ਰਕਮ ਜ਼ਿਆਦਾ ਵਧਾ-ਚੜ੍ਹਾ ਕੇ ਪੇਸ਼ ਕੀਤੀ ਗਈ ਹੈ। ਇਸ ਲਈ ਉਹ ਬੀਮਾ ਕੰਪਨੀ ਤੋਂ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਪਾਉਣ ਦੇ ਹੱਕਦਾਰ ਨਹੀਂ ਹਨ।
