ਪੰਜਾਬ: 50 ਦੇ ਨੋਟ ਬਦਲੇ ਪਰਿਵਾਰ ਨੂੰ ਮਿਲੇ 15 ਲੱਖ ਰੁਪਏ, ਪਤਨੀ ਦੀ ਇਕ ਜ਼ਿਦ ਨੇ ਬਣਾ''ਤਾ ਮਾਲੋਮਾਲ

Thursday, May 14, 2026 - 12:33 PM (IST)

ਪੰਜਾਬ: 50 ਦੇ ਨੋਟ ਬਦਲੇ ਪਰਿਵਾਰ ਨੂੰ ਮਿਲੇ 15 ਲੱਖ ਰੁਪਏ, ਪਤਨੀ ਦੀ ਇਕ ਜ਼ਿਦ ਨੇ ਬਣਾ''ਤਾ ਮਾਲੋਮਾਲ

ਲੁਧਿਆਣਾ (ਮਹਿੰਦਰੂ)- ਕਹਿੰਦੇ ਨੇ ਕਿ ਕਿਸਮਤ ਕਦੋਂ ਅਤੇ ਕਿਵੇਂ ਚਮਕ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਕੁਝ ਦਿੱਲੀ ਤੋਂ ਆਏ ਇਕ ਪਰਿਵਾਰ ਨਾਲ ਹੋਇਆ, ਜਿਸ ਨੇ ਲੁਧਿਆਣਾ ਵਿਚ ਸਿਰਫ਼ 50 ਰੁਪਏ ਦੇ ਨੋਟ ਨਾਲ ਇਕ ਲਾਟਰੀ ਦੀ ਟਿਕਟ ਖਰੀਦੀ ਤੇ 15 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ।

ਪਤਨੀ ਦੀ ਜ਼ਿੱਦ ਨੇ ਬਣਾਇਆ ਲੱਖਪਤੀ

ਇਹ ਪਰਿਵਾਰ ਦਿੱਲੀ ਤੋਂ ਉਚੇਚੇ ਤੌਰ 'ਤੇ ਲਾਟਰੀ ਖਰੀਦਣ ਲਈ ਹੀ ਲੁਧਿਆਣਾ ਆਇਆ ਸੀ। ਪਰਿਵਾਰ ਦੇ ਮੁਖੀ ਨੇ ਦੱਸਿਆ ਕਿ ਉਹ ਖ਼ੁਦ ਲਾਟਰੀ ਵਿਚ ਵਿਸ਼ਵਾਸ ਨਹੀਂ ਕਰਦੇ ਸਨ, ਪਰ ਉਨ੍ਹਾਂ ਦੀ ਪਤਨੀ ਨੇ ਜ਼ਬਰਦਸਤੀ ਕਰਕੇ ਉਨ੍ਹਾਂ ਨੂੰ ਲੁਧਿਆਣਾ ਲਿਆਂਦਾ ਅਤੇ ਟਿਕਟ ਖਰੀਦਣ ਲਈ ਮਨਾਇਆ। ਪਤਨੀ ਅਨੁਸਾਰ, ਉਨ੍ਹਾਂ ਨੇ ਆਪਣੇ ਬੇਟੇ ਦਾ ਨਵਾਂ ਕੰਸਲਟੈਂਸੀ ਆਫਿਸ ਸ਼ੁਰੂ ਕਰਵਾਇਆ ਹੈ ਅਤੇ ਉਸ ਦੇ ਖਰਚਿਆਂ ਲਈ ਪੈਸਿਆਂ ਦੀ ਲੋੜ ਸੀ। ਉਸ ਨੇ ਦੱਸਿਆ ਕਿ ਉਹ ਰਾਧਾ-ਕ੍ਰਿਸ਼ਨ ਜੀ ਨੂੰ ਬਹੁਤ ਮੰਨਦੀ ਹੈ ਤੇ ਉਨ੍ਹਾਂ ਨੇ ਹੀ ਉਸ ਨੂੰ ਅਜਿਹਾ ਇਸ਼ਾਰਾ ਦਿੱਤਾ ਸੀ, ਜਿਸ ਨਾਲ ਉਸ ਦੀ ਕਿਸਮਤ ਪਲਟ ਗਈ। ਉਸ ਨੇ ਕਿਹਾ ਕਿ ਉਸ ਨੂੰ ਰੱਬ 'ਤੇ ਜੋ ਭਰੋਸਾ ਸੀ, ਉਹ ਸੱਚ ਸਾਬਿਤ ਹੋਇਆ।

ਦਿੱਲੀ ਤੋਂ ਕਰੀਬ 300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਇਸ ਪਰਿਵਾਰ ਨੇ ਸਿਰਫ਼ ਇਕ ਹੀ ਟਿਕਟ ਖਰੀਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 'ਗਾਂਧੀ ਬ੍ਰਦਰਜ਼' ਦਾ ਕਾਫ਼ੀ ਨਾਂ ਸੁਣਿਆ ਸੀ, ਇਸੇ ਲਈ ਉਹ ਦਿੱਲੀ ਤੋਂ ਖ਼ਾਸ ਤੌਰ 'ਤੇ ਟਿਕਟ ਖਰੀਦਣ ਲਈ ਹੀ ਇੱਥੇ ਆਏ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਲਾਟਰੀ 'ਤੇ ਜ਼ਿਆਦਾ ਪੈਸੇ ਬਰਬਾਦ ਨਹੀਂ ਕਰਨੇ ਚਾਹੀਦੇ, ਜੇ ਨਸੀਬ ਨੇ ਸਾਥ ਦੇਣਾ ਹੋਵੇ ਤਾਂ ਇਕ ਟਿਕਟ ਵੀ ਕਾਫ਼ੀ ਹੈ ਅਤੇ ਜ਼ਿਆਦਾ ਲਾਲਚ ਕਰਨਾ ਬੇਕਾਰ ਹੈ। ਸਵੇਰੇ ਉਨ੍ਹਾਂ ਨੇ ਟਿਕਟ ਖਰੀਦੀ ਤੇ ਉਸੇ ਦਿਨ ਸ਼ਾਮ ਨੂੰ ਜਦੋਂ ਨਤੀਜਾ ਆਇਆ, ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਉਨ੍ਹਾਂ ਦਾ ਪਹਿਲਾ ਇਨਾਮ ਨਿਕਲ ਆਇਆ ਹੈ। 

ਠੱਗਾਂ ਤੋਂ ਸਾਵਧਾਨ ਰਹਿਣ ਦੀ ਅਪੀਲ

ਇਸ ਮੌਕੇ ਲਾਟਰੀ ਵਿਕਰੇਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਟਰੀ ਦੇ ਨਾਮ 'ਤੇ ਹੋਣ ਵਾਲੀ ਠੱਗੀ ਤੋਂ ਬਚਣ। ਉਹਨਾਂ ਸਪੱਸ਼ਟ ਕੀਤਾ ਕਿ ਇਨਾਮ ਦੀ ਰਾਸ਼ੀ 15 ਲੱਖ ਰੁਪਏ ਸਰਕਾਰੀ ਟੈਕਸ ਕੱਟ ਕੇ ਸਿੱਧੀ ਜੇਤੂ ਦੇ ਖਾਤੇ ਵਿਚ ਆਉਂਦੀ ਹੈ ਅਤੇ ਕਲੇਮ ਲਈ ਪਹਿਲਾਂ ਕੋਈ ਵੀ ਪੈਸਾ ਜਮ੍ਹਾਂ ਨਹੀਂ ਕਰਵਾਉਣਾ ਪੈਂਦਾ। ਜੇਤੂ ਪਰਿਵਾਰ ਹੁਣ ਇਸ ਰਾਸ਼ੀ ਦੀ ਵਰਤੋਂ ਆਪਣੇ ਬੇਟੇ ਦੇ ਕੰਮ ਨੂੰ ਅੱਗੇ ਵਧਾਉਣ ਲਈ ਕਰੇਗਾ।


author

Anmol Tagra

Content Editor

Related News