SGPC ਮਨਾਏਗੀ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ, 18 ਤੋਂ 20 ਫਰਵਰੀ ਨੂੰ ਹੋਣਗੇ ਵਿਸ਼ਾਲ ਸਮਾਗਮ

Saturday, May 09, 2026 - 03:02 PM (IST)

SGPC ਮਨਾਏਗੀ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ, 18 ਤੋਂ 20 ਫਰਵਰੀ ਨੂੰ ਹੋਣਗੇ ਵਿਸ਼ਾਲ ਸਮਾਗਮ

ਅੰਮ੍ਰਿਤਸਰ- ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਜਨਮ ਦਿਹਾੜੇ ਦੀ ਸ਼ਤਾਬਦੀ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਗਠਿਤ ਸਬ-ਕਮੇਟੀ ਦੀ ਪਲੇਠੀ ਮੀਟਿੰਗ ਅੱਜ ਹੋਈ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪ੍ਰੈੱਸ ਕਾਨਫਰੰਸ ਰਾਹੀਂ ਅਹਿਮ ਫੈਸਲਿਆਂ ਦੀ ਜਾਣਕਾਰੀ ਸਾਂਝੀ ਕੀਤੀ। ਧਾਮੀ ਨੇ ਦੱਸਿਆ ਕਿ ਰਵਿਦਾਸ ਮਹਾਰਾਜ ਜੀ ਦੀ 650 ਸਾਲਾ ਸ਼ਤਾਬਦੀ 20 ਫਰਵਰੀ 2027 ਨੂੰ ਆ ਰਹੀ ਹੈ। ਇਸ ਸਬੰਧੀ ਮੁੱਖ ਸਮਾਗਮ 18, 19 ਅਤੇ 20 ਫਰਵਰੀ 2027 ਨੂੰ ਤਿੰਨ ਦਿਨਾਂ ਲਈ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਪ੍ਰੀਪੇਡ ਮੀਟਰਾਂ ਨੇ ਖੜ੍ਹਾ ਕੀਤਾ ਵੱਡਾ ਸੰਕਟ, ਕਈ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਦੀ ਬਿਜਲੀ ਹੋਈ ਬੰਦ

ਐਡਵੋਕੇਟ ਧਾਮੀ ਨੇ ਕਿਹਾ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ (ਬਨਾਰਸ) ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ। ਇਸ ਨਗਰ ਕੀਰਤਨ ਦੇ ਰੂਟ ਦੀ ਰੂਪਰੇਖਾ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਦੀ ਇੱਕ ਟੀਮ ਪੰਜਾਬ ਤੋਂ ਬਾਹਰਲੇ ਮਿਸ਼ਨਾਂ ਨਾਲ ਤਾਲਮੇਲ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਦਿਅਕ ਅਦਾਰਿਆਂ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ (ਫਤਿਹਗੜ੍ਹ ਸਾਹਿਬ), ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਅਤੇ ਹੋਰ ਕਾਲਜਾਂ ਵਿੱਚ 6 ਸੈਮੀਨਾਰ ਕਰਵਾਏ ਜਾਣਗੇ। ਇਹਨਾਂ ਸੈਮੀਨਾਰਾਂ ਦਾ ਵਿਸ਼ਾ 'ਗੁਰਬਾਣੀ ਫਲਸਫਾ ਤੇ ਜੀਵਨ ਜਾਂਚ' ਹੋਵੇਗਾ ਜੋ ਕੇਵਲ ਰਵਿਦਾਸ ਮਹਾਰਾਜ  ਜੀ ਦੀ ਪਵਿੱਤਰ ਗੁਰਬਾਣੀ 'ਤੇ ਹੋਣਗੇ।

ਇਹ ਵੀ ਪੜ੍ਹੋ- ਪੰਜਾਬ 'ਚ 15,00,00,000 ਕਰੋੜ ਦੀ ਹੈਰੋਇਨ ਸਣੇ ਅਫਰੀਕੀ ਮਹਿਲਾ ਗ੍ਰਿਫ਼ਤਾਰ

ਪ੍ਰਧਾਨ ਧਾਮੀ ਨੇ ਅੱਗੇ ਕਿਹਾ ਸ਼੍ਰੋਮਣੀ ਕਮੇਟੀ ਦੇ ਇਤਿਹਾਸਕ ਅਸਥਾਨਾਂ 'ਤੇ 8 ਮਹਾਨ ਕੀਰਤਨ ਦਰਬਾਰ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕੇਵਲ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗਾਇਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਯਤਨ ਕੀਤਾ ਜਾਵੇਗਾ ਕਿ ਇਕ ਸੈਮੀਨਾਰ ਤੇ ਕੀਰਤਨ ਦਰਬਾਰ ਪੰਜਾਬ ਤੋਂ ਬਾਹਰ ਵੀ ਕਰਵਾਇਆ ਜਾਵੇਗਾ। ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਬਾਣੀ ਖੋਜ 'ਤੇ ਆਧਾਰਿਤ 20, 22 ਪੰਨਿਆਂ ਦੀ ਇੱਕ ਪੁਸਤਕ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ ਤਾਂ ਜੋ ਨਗਰ ਕੀਰਤਨ 'ਚ ਵੰਢਿਆ ਜਾ ਸਕੇ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਸਮੇਤ ਇਨ੍ਹਾਂ ਇਲਾਕਿਆਂ 'ਚ ਲੱਗੀਆਂ ਪਾਬੰਦੀਆਂ

ਜ਼ੋਨਲ ਕਮੇਟੀਆਂ ਦਾ ਗਠਨ

ਪ੍ਰਧਾਨ ਧਾਮੀ ਨੇ ਕਿਹਾ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮਾਲਵਾ, ਮਾਝਾ ਅਤੇ ਦੁਆਬਾ ਜ਼ੋਨਾਂ ਲਈ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੀ ਮੀਟਿੰਗ 25 ਤਰੀਕ ਨੂੰ ਦੁਪਹਿਰ 12 ਵਜੇ ਸ਼੍ਰੋਮਣੀ ਕਮੇਟੀ ਦੇ ਮੀਟਿੰਗ ਹਾਲ ਵਿੱਚ ਰੱਖੀ ਗਈ ਹੈ, ਜਿਸ ਵਿੱਚ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ’ਚ ਮੁੜ ਬਦਲੇਗਾ ਮੌਸਮ, ਕਈ ਜ਼ਿਲ੍ਹਿਆਂ ’ਚ ਮੀਂਹ ਤੇ ਤੇਜ਼ ਹਵਾਵਾਂ ਦਾ ਯੈਲੋ ਅਲਰਟ

ਸਿੱਖ ਬੱਚਿਆਂ ਦੇ ਕਕਾਰ ਉਤਾਰਨ 'ਤੇ ਮੁੱਦਾ 

ਇਸ ਤੋਂ ਇਲਾਵਾ ਪ੍ਰਧਾਨ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਸਿੱਖ ਬੱਚਿਆਂ ਦੇ ਕਕਾਰ (ਕੜੇ ਅਤੇ ਸ੍ਰੀ ਸਾਹਿਬ) ਉਤਾਰਨ ਦੇ ਮੁੱਦੇ 'ਤੇ ਵੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ, ਐਡਵੋਕੇਟ ਅਮਨਵੀਰ ਸਿੰਘ ਸਿਆਲੀ ਵੱਲੋਂ NTA ਨੂੰ ਇਸ ਸਬੰਧੀ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ। ਇਸ ਦੇ ਜਵਾਬ ਵਿੱਚ ਏਜੰਸੀ ਦੇ ਵਕੀਲ ਨੇ ਪਹਿਲਾਂ ਵਾਪਰੀਆਂ ਘਟਨਾਵਾਂ ਲਈ ਖਿਮਾ ਮੰਗੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ।  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਹਾ ਕਿ  NTA ਆਪਣੇ ਪੱਧਰ 'ਤੇ ਇੱਕ ਪਬਲਿਕ ਨੋਟਿਸ (ਜਨਤਕ ਨੋਟਿਸ) ਜਾਰੀ ਕਰੇ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਪ੍ਰੀਖਿਆਵਾਂ ਦੌਰਾਨ ਸਿੱਖਾਂ ਦੇ ਕਕਾਰ ਨਹੀਂ ਉਤਰਵਾਏ ਜਾਣਗੇ। ਪ੍ਰਧਾਨ ਧਾਮੀ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ 'ਮਾਂ ਜਥੇਬੰਦੀ' ਹੈ ਅਤੇ ਉਹ ਇਸ ਮਸਲੇ ਦਾ ਹਮੇਸ਼ਾ ਲਈ ਹੱਲ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਸਿੱਖ ਬੱਚਿਆਂ ਨੂੰ ਆਪਣੇ ਧਾਰਮਿਕ ਹੱਕਾਂ ਤੋਂ ਵਾਂਝੇ ਨਾ ਹੋਣਾ ਪਵੇ।

ਇਸ ਤੋਂ ਇਲਾਵਾ ਬੇਅਦਬੀ ਦੇ ਕਾਨੂੰਨ ਦੇ ਮਾਮਲੇ 'ਤੇ ਪੁੱਛੇ ਸਵਾਲ 'ਤੇ ਪ੍ਰਧਾਨ ਧਾਮੀ ਨੇ ਦੱਸਿਆ ਕਿ ਬੇਅਦਬੀ ਦੇ ਨਵੇਂ ਕਾਨੂੰਨ ਸਬੰਧੀ ਪੈਦਾ ਹੋਏ ਵਿਵਾਦ ਤੋਂ ਬਾਅਦ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਮਾਮਲੇ ਨੂੰ ਵਿਚਾਰਨ ਲਈ ਸਰਕਾਰ ਨੂੰ 15 ਦਿਨਾਂ ਦਾ ਸਮਾਂ (ਅਲਟੀਮੇਟਮ) ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News