ਮੈਕਸੀਕੋ ਦੀ ਜੇਲ ''ਚ ਹੋਏ ਦੰਗਿਆਂ ''ਚ 6 ਪੁਲਸ ਕਰਮਚਾਰੀਆਂ ਸਮੇਤ 7 ਦੀ ਮੌਤ

Monday, Apr 02, 2018 - 09:33 AM (IST)

ਵੇਰਾਕਰੂਜ(ਭਾਸ਼ਾ)— ਮੈਕਸੀਕੋ ਦੇ ਵੇਰਾਕਰੂਜ ਰਾਜ ਦੀ ਇਕ ਜੇਲ ਵਿਚ ਖਤਰਨਾਕ ਕੈਦੀਆਂ ਨੂੰ ਦੂਜੀ ਜਗ੍ਹਾ ਲਿਜਾਣ ਦੇ ਵਿਰੋਧ ਵਿਚ ਕੈਦੀਆਂ ਨੇ ਕੰਪਲੈਕਸ ਵਿਚ ਅੱਗ ਲਗਾ ਦਿੱਤੀ। ਘਟਨਾ ਦੌਰਾਨ ਧੂੰਏਂ ਕਾਰਨ ਸਾਹ ਘੁੱਟਣ ਨਾਲ 6 ਪੁਲਸ ਕਰਮਚਾਰੀਆਂ ਸਮੇਤ ਕੁੱਲ 7 ਲੋਕਾਂ ਦੀ ਮੌਤ ਹੋ ਗਈ। ਵੇਰਾਕਰੂਜ ਦੇ ਗਵਰਨਰ ਮਿਗੁਲ ਏਂਜਲ ਯੁਨਸ ਨੇ ਕਿਹਾ ਕਿ ਘਟਨਾ ਵਿਚ ਮਾਰੇ ਗਏ ਸੱਤਵੇਂ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ ਕਿ ਉਹ ਕੈਦੀ ਸੀ ਜਾਂ ਜੇਲ ਦਾ ਸੁਰੱਖਿਆ ਕਰਮਚਾਰੀ। ਯੁਨਸ ਨੇ ਦੱਸਿਆ ਕਿ 4 ਖਤਰਨਾਕ ਕੈਦੀ ਜੇਲ 'ਚੋਂ ਹੀ ਅਪਰਾਧਕ ਨੈਟਵਰਕ ਚਲਾਉਂਦੇ ਸਨ। ਇਸ ਲਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਵਾਲੀ ਸੰਘੀ ਜੇਲ ਵਿਚ ਭੇਜਣ ਦਾ ਫੈਸਲਾ ਕੀਤਾ ਸੀ।
ਗਵਰਨਰ ਨੇ ਕਿਹਾ ਕਿ ਜਦੋਂ ਰਾਜ ਪੁਲਸ ਅਤੇ ਸਥਾਨਕ ਪੁਲਸ ਦਾ ਦਲ ਕੈਦੀਆਂ ਨੂੰ ਲਿਜਾਣ ਲਈ ਜੇਲ ਪੁੱਜਿਆਂ ਤਾਂ ਹੋਰ ਕੈਦੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਅੱਗ ਲਗਾ ਦਿੱਤੀ, ਜਿਸ ਨਾਲ 6 ਪੁਲਸ ਕਰਮਚਾਰੀਆਂ ਅਤੇ 1 ਹੋਰ ਵਿਅਕਤੀ ਦੀ ਧੂੰਏਂ ਨਾਲ ਸਾਹ ਘੁੱਟਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸੱਤਵੀਂ ਲਾਸ਼ ਦੇ ਸਰੀਰ 'ਤੇ ਵਰਦੀ ਨਹੀਂ ਹੈ। ਅਜਿਹੇ ਵਿਚ ਉਹ ਕੈਦੀ ਜਾਂ ਜੇਲ ਦਾ ਸੁਰੱਖਿਆ ਕਰਮਚਾਰੀ ਕੋਈ ਵੀ ਹੋ ਸਕਦਾ ਹੈ। ਇਸ ਘਟਨਾ ਵਿਚ 7 ਹੋਰ ਕੈਦੀ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 15 ਪੁਲਸ ਕਰਮਚਾਰੀਆਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ਵਿਚੋਂ 1 ਦੀ ਹਾਲਤ ਗੰਭੀਰ ਹੈ।


Related News