ਕੇਜਰੀਵਾਲ ਦੇ ਟਵੀਟ ’ਤੇ ਭੜਕੇ ਸਿੰਗਾਪੁਰ ਦੇ ਨਾਗਰਿਕ, ਇੰਟਰਨੈੱਟ ਯੂਜ਼ਰਜ਼ ਨੇ ਕਿਹਾ-ਮੰਗੋ ਮੁਆਫ਼ੀ

Wednesday, May 19, 2021 - 03:36 PM (IST)

ਸਿੰਗਾਪੁਰ (ਭਾਸ਼ਾ)-ਸਿੰਗਾਪੁਰ ’ਚ ਇੰਟਰਨੈੱਟ ਯੂਜ਼ਰਜ਼ ਨੇ ਦੇਸ਼ ’ਚ ਕੋਰੋਨਾ ਦੀ ਲਾਗ ਦਾ ‘ਬਹੁਤ ਖਤਰਨਾਕ’ ਰੂਪ ਜ਼ਿਆਦਾ ਹੋਣ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਾਅਵੇ ਦੀ ਆਲੋਚਨਾ ਕੀਤੀ ਹੈ ਤੇ ਉਨ੍ਹਾਂ ’ਤੇ ‘ਗਲਤ ਜਾਣਕਾਰੀ ਫੈਲਾਉਣ’ ਦਾ ਦੋਸ਼ ਲਾਉਂਦਿਆਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਨਾਲ ਹੀ ਇਸ ’ਚ ਤੱਥਾਂ ਦੀ ਜਾਂਚ ਕਰਨ ਦੀ ਸਿਫਾਰਿਸ਼ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ’ਤੇ ਸਿੰਗਾਪੁਰ ਦੇ ਲੋਕਾਂ ਦੀਆਂ ਗੁੱਸੇ ਨਾਲ ਭਰੀਆਂ ਪ੍ਰਤੀਕਿਰਿਆਵਾਂ ਕੇਜਰੀਵਾਲ ਦੇ ਟਵੀਟ ’ਤੇ ਆਈਆਂ, ਜਿਸ ’ਚ ਉਨ੍ਹਾਂ ਕਿਹਾ ਕਿ ਇਹ ਸਿੰਗਾਪੁਰ ’ਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਭਾਰਤ ’ਚ ਤੀਜੀ ਲਹਿਰ ਲਿਆ ਸਕਦਾ ਹੈ।

ਦਿੱਲੀ ਦੇ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘‘ਸਿੰਗਾਪੁਰ ’ਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਬੱਚਿਆਂ ਲਈ ਬਹੁਤ ਖਤਰਨਾਕ ਦੱਸਿਆ ਜਾ ਰਿਹਾ ਹੈ। ਇਹ ਤੀਜੀ ਲਹਿਰ ਦੇ ਤੌਰ ’ਤੇ ਦਿੱਲੀ ਪਹੁੰਚ ਸਕਦਾ ਹੈ। ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਸਿੰਗਾਪੁਰ ਤੋਂ ਸਾਰੀਆਂ ਹਵਾਈ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰੇ ਤੇ ਬੱਚਿਆਂ ਲਈ ਟੀਕੇ ਲਾਉਣ ਲਈ ਪਹਿਲ ਦੇ ਆਧਾਰ ’ਤੇ ਕੰਮ ਕਰੇ।” ਕੇਜਰੀਵਾਲ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੰਦਿਆਂ ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਰਾਤ ਨੂੰ ਕਿਹਾ, ‘‘ਖ਼ਬਰਾਂ ’ਚ ਕੀਤੇ ਜਾ ਰਹੇ ਦਾਅਵਿਆਂ ’ਚ ਕੋਈ ਸੱਚਾਈ ਨਹੀਂ ਹੈ।’’ ਇਸ ਨੇ ਇੱਕ ਬਿਆਨ ’ਚ ਕਿਹਾ, “ਵਾਇਰਸ ਦਾ ਕੋਈ ਸਿੰਗਾਪੁਰੀ ਰੂਪ ਨਹੀਂ ਹੈ। ਹਾਲ ਹੀ ਦੇ ਹਫਤਿਆਂ ’ਚ ਕੋਵਿਡ-19 ਦੇ ਬਹੁਤ ਸਾਰੇ ਮਾਮਲਿਆਂ ’ਚ ਜੋ ਰੂਪ ਵੇਖਿਆ ਗਿਆ, ਉਹ ਫਾਰਮ ਬੀ. 1.617.2 ਹੈ, ਜੋ ਭਾਰਤ ’ਚ ਪੈਦਾ ਹੋਇਆ ਸੀ। ਵੰਸ਼ਾਵਲੀ ਟੈਸਟਾਂ ’ਚ ਇਹ ਬੀ.1.617.2 ਰੂਪ ਸਿੰਗਾਪੁਰ ’ਚ ਵਾਇਰਸ ਦੇ ਕਈ ਸਮੂਹਾਂ ਨਾਲ ਜੁੜਿਆ ਹੋਇਆ ਮਿਲਿਆ ਹੈ।’’

ਸਿੰਗਾਪੁਰ ਦੇ ਉੱਘੇ ਬਲੌਗਰ ਐੱਮ ਬ੍ਰਾਉਨ ਨੇ ਲਿਖਿਆ, ‘‘ਦਿੱਲੀ ਦੇ ਮੁੱਖ ਮੰਤਰੀ, ਬੀ. 1617 ਰੂਪ ਤੁਹਾਡੇ ਦੇਸ਼ ਤੋਂ ਆਇਆ ਹੈ।" ਹੈਂਡਲ ‘ਐਂਟਰਨੇਜਾ’ ਦੇ ਇਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਸਿੰਗਾਪੁਰ ਦੇ ਸਕੂਲ B.1.617.2 ਰੂਪ ਕਾਰਨ ਬੰਦ ਹਨ, "ਅਸਲ ’ਚ ਤੱਥਾਂ ਦੀ ਜਾਂਚ ਅਤੇ ਗਲਤ ਜਾਣਕਾਰੀ ਫੈਲਾਉਣ ਲਈ ਮੁਆਫੀ ਮੰਗੀ ਜਾਣੀ ਚਾਹੀਦੀ ਹੈ।" ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਣਨ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ‘‘ਨੇਤਾਵਾਂ ਨੂੰ ਤੱਥਾਂ ’ਤੇ ਟਿਕੇ ਰਹਿਣਾ ਚਾਹੀਦਾ ਹੈ। ਵਾਇਰਸ ਦਾ ਕੋਈ ‘ਸਿੰਗਾਪੁਰੀ ਰੂਪ’ ਨਹੀਂ ਹੈ।’’
 


Manoj

Content Editor

Related News