ਸਿੰਗਾਪੁਰ : ਇਸਲਾਮਕ ਸਟੇਟ ਨੂੰ ਪੈਸਾ ਭੇਜਣ ਵਾਲੀਆਂ 3 ਵਿਦੇਸ਼ੀ ਔਰਤਾਂ ਕਾਬੂ

09/24/2019 2:26:48 PM

ਪੁਲਾਓ ਓਜਾਂਗ— ਸਿੰਗਾਪੁਰ 'ਚ ਇਸਲਾਮਕ ਸਟੇਟ ਸਮੂਹ ਨੂੰ ਪੈਸਾ ਦੇਣ ਦੇ ਦੋਸ਼ 'ਚ ਇੰਡੋਨੇਸ਼ੀਆਈ ਮੂਲ ਦੀਆਂ 3 ਘਰੇਲੂ ਸਹਾਇਕ ਔਰਤਾਂ ( ਨੌਕਰਾਣੀਆਂ) ਨੂੰ ਸਖਤ ਸੁਰੱਖਿਆ ਕਾਨੂੰਨਾਂ ਤਹਿਤ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ 'ਤੇ ਕੋਈ ਮੁਕੱਦਮਾ ਨਹੀਂ ਚਲਾਇਆ ਗਿਆ। ਸਰਕਾਰ ਨੇ ਕਿਹਾ ਕਿ ਕਥਿਤ ਤੌਰ 'ਤੇ ਕੱਟੜਪੰਥੀ ਬਣਾਈਆਂ ਗਈਆਂ ਵਿਦੇਸ਼ੀ ਘਰੇਲੂ ਸਹਾਇਕ ਔਰਤਾਂ ਨੂੰ ਹਿਰਾਸਤ 'ਚ ਲੈਣ ਦੀ ਘਟਨਾ ਦੱਸਦੀ ਹੈ ਕਿ ਜਿਹਾਦੀ ਲਗਾਤਾਰ 'ਹਿੰਸਕ ਵਿਚਾਰਧਾਰਾ' ਦੀ ਅਪੀਲ ਕਰ ਰਹੇ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਤਿੰਨੋਂ 6 ਤੋਂ 13 ਸਾਲਾਂ ਤੋਂ ਸਿੰਗਾਪੁਰ 'ਚ ਕੰਮ ਕਰ ਰਹੀਆਂ ਸਨ। ਉਹ ਪਿਛਲੇ ਸਾਲ ਆਨਲਾਈਨ ਸਮੱਗਰੀ ਦੇਖਣ ਦੇ ਬਾਅਦ ਆਈ. ਐੱਸ. ਦੀਆਂ ਸਮਰਥਕ ਬਣ ਗਈਆਂ ਸਨ।

ਉਨ੍ਹਾਂ ਨੇ ਆਈ. ਐੱਸ. ਵਲੋਂ ਬੰਬ ਹਮਲੇ, ਸਿਰ ਕਲਮ ਕਰਨ ਦੀਆਂ ਵੀਡੀਓਜ਼ ਦੇਖੀਆਂ ਸਨ। ਇਨ੍ਹਾਂ ਦੀ ਪਛਾਣ ਅਨਿੰਦੀਆ ਅਫਿਯਾਂਤਰੀ (33) ਰੇਤਨੋ ਹੇਨਾਯਾਨੀ (36) ਅਤੇ ਤੁਰਮਿਨੀ (31) ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੇ ਆਈ. ਐੱਸ. ਆਈ. ਐੱਸ. ਅਤੇ ਜੇ. ਏ. ਡੀ. ਵਰਗੇ ਸੰਗਠਨਾਂ ਲਈ ਪੈਸਾ ਵੀ ਦਿੱਤਾ। ਜੇ. ਏ. ਡੀ. ਇੰਡੋਨੇਸ਼ੀਆ ਦਾ ਅੱਤਵਾਦੀ ਸੰਗਠਨ ਹੈ ਜੋ ਆਈ. ਐੱਸ. ਆਈ. ਐੱਸ. ਦਾ ਸਮਰਥਕ ਹੈ। ਔਰਤਾਂ ਨੂੰ ਅੰਦਰੂਨੀ ਸੁਰੱਖਿਆ ਕਾਨੂੰਨ ਤਹਿਤ ਹਿਰਾਸਤ 'ਚ ਲਿਆ ਗਿਆ। ਇਹ ਕਾਨੂੰਨ ਬਿਨਾ ਮੁਕੱਦਮੇ ਦੇ ਦੋ ਸਾਲ ਤਕ ਹਿਰਾਸਤ 'ਚ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਸ ਮਾਮਲੇ ਤੋਂ ਪਹਿਲਾਂ ਸਿੰਗਾਪੁਰ 'ਚ ਸਾਲ 2015 'ਚ ਕੱਟੜਪੰਥੀ ਬਣਾਏ ਗਏ 16 ਵਿਦੇਸ਼ੀਆਂ ਦੀ ਪਛਾਣ ਕੀਤੀ ਗਈ ਸੀ, ਜੋ ਘਰੇਲੂ ਸਹਾਇਕ ਸਨ।


Related News