ਹੁਸ਼ਿਆਰਪੁਰ ਦੇ ਕਿਸਾਨ ਨੇ ਕੈਨੇਡਾ 'ਚ ਰਚਿਆ ਇਤਿਹਾਸ

11/11/2018 9:35:23 AM

ਟੋਰਾਂਟੋ(ਏਜੰਸੀ)— ਕੈਨੇਡਾ 'ਚ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ, ਜੋ ਆਪਣੀ ਮਿਹਨਤ ਸਦਕਾ ਵੱਖਰੀ ਪਛਾਣ ਬਣਾਉਣ 'ਚ ਅੱਗੇ ਰਹਿੰਦੇ ਹਨ। ਇੱਥੇ ਪੰਜਾਬੀ ਕਿਸਾਨ ਪੀਟਰ ਪੋਵੀਟਰ ਢਿੱਲੋਂ ਦਾ ਨਾਂ 'ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ' 'ਚ ਦਰਜ ਕੀਤਾ ਗਿਆ ਹੈ, ਜੋ ਆਪਣੇ-ਆਪ 'ਚ ਇਤਿਹਾਸ ਹੈ। ਉਹ ਕੈਨੇਡਾ ਦੇ ਸਭ ਤੋਂ ਵੱਡੇ ਕਰੈਨਬੇਰੀ ਉਤਪਾਦਕ ਬਣੇ ਹਨ। ਤੁਹਾਨੂੰ ਦੱਸ ਦਈਏ ਕਿ 'ਕੈਨੇਡੀਅਨ ਐਗਰੀਕਲਚਰ ਹਾਲ ਆਫ ਫੇਮ ਐਸੋਸੀਏਸ਼ਨ' ਖੇਤੀਬਾੜੀ ਤੇ ਫੂਡ ਇੰਡਸਟਰੀ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਚੋਣਵੇਂ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ। ਇਹ ਐਸੋਸੀਏਸ਼ਨ 1960 'ਚ ਸਥਾਪਤ ਕੀਤੀ ਗਈ ।

PunjabKesari
ਪੀਟਰ ਪਹਿਲੇ ਪੰਜਾਬੀ ਹਨ, ਜਿਨ੍ਹਾਂ ਨੇ ਖੇਤੀਬਾੜੀ ਅਤੇ ਐਗਰੋ-ਫੂਡ ਕਾਰੋਬਾਰ ਕਰਨ ਵਾਲੇ ਦਿੱਗਜ ਕੈਨੇਡੀਅਨਾਂ ਦੀ ਕੰਪਨੀ 'ਚ ਆਪਣਾ ਸਥਾਨ ਕਾਇਮ ਕੀਤਾ ਹੈ। ਉਹ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ 'ਰਿਚਬੈਰੀ ਗਰੁੱਪ ਆਫ ਕੰਪਨੀਜ਼' ਹੇਠਾਂ ਕਰੈਨਬੇਰੀ (ਫਲ) ਦੀ ਖੇਤੀ ਕਰਦੇ ਹਨ ਅਤੇ ਓਸ਼ੀਅਨ ਸਪਰੇਅ ਦੇ ਮੌਜੂਦਾ ਚੇਅਰਮੈਨ ਹਨ। ਤੁਹਾਨੂੰ ਦੱਸ ਦਈਏ ਕਿ ਓਸ਼ੀਅਨ ਸਪਰੇਅ ਅਮਰੀਕਾ ਤੇ ਕੈਨੇਡਾ 'ਚ ਕਰੈਨਬੇਰੀ ਕਿਸਾਨਾਂ ਦੀ ਮਾਰਕਟਿੰਗ ਕੋ-ਆਪਰੇਟਿਵ ਹੈ ਜੋ 90 ਤੋਂ ਵਧੇਰੇ ਦੇਸ਼ਾਂ 'ਚ ਆਪਣੇ ਉਤਪਾਦ ਵੇਚਦੀ ਹੈ। ਇਹ ਹਰ ਸਾਲ ਲਗਭਗ 2.5 ਬਿਲੀਅਨ ਡਾਲਰ ਦੀ ਵਿਕਰੀ ਕਰਦੀ ਹੈ। ਅਗਲੇ ਸਾਲ ਉਹ 30 ਲੱਖ ਪੌਂਡ ਕਰੈਨਬੇਰੀ ਦੀ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ।


ਹੁਸ਼ਿਆਰਪੁਰ ਨਾਲ ਸਬੰਧਤ ਹਨ ਪੀਟਰ—
ਪੀਟਰ ਦੇ ਪਿਤਾ ਰਛਪਾਲ ਸਿੰਘ ਢਿੱਲੋਂ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ 'ਚ ਰਹਿੰਦੇ ਸਨ ਅਤੇ 1950 ਵਿੱਚ ਉਹ ਕੈਨੇਡਾ ਆਏ ਸਨ। ਉਹ ਪਹਿਲੇ ਇੰਡੋ-ਕੈਨੇਡੀਅਨ ਹਨ ਜੋ ਰਾਇਲ ਕੈਨੇਡੀਅਨ ਮਾਊਂਟਡ ਪੁਲਸ (ਆਰ. ਸੀ. ਐੱਮ. ਪੀ.) ਵਿੱਚ ਸ਼ਾਮਲ ਹੋਏ। 1981-82 ਵਿੱਚ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਕਰੈਨਬੇਰੀ ਦੀ ਖੇਤੀ ਸ਼ੁਰੂ ਕੀਤੀ। ਮੌਜੂਦਾ ਸਮੇਂ ਉਹ 2,500 ਏਕੜ ਵਿੱਚ ਖੇਤੀ ਕਰ ਰਹੇ ਹਨ। ਪਿਛਲੇ ਸਾਲ ਰਿਚਬੈਰੀ ਗਰੁੱਪ ਨੇ 20 ਮਿਲੀਅਨ ਪੌਂਡ ਕਰੈਨਬੈਰੀ ਦਾ ਉਤਪਾਦਨ ਕੀਤਾ, ਜੋ ਹੋਰ ਪੰਜਾਬੀ ਕਿਸਾਨਾਂ ਲਈ ਮਿਸਾਲ ਹੈ।
 


Related News