ਕੈਨੇਡਾ ਦੇ ਪਾਰਕ ‘ਚ ਮਿਲੀ ਪੰਜਾਬਣ ਦੀ ਲਾਸ਼, ਅਕਾਲਗੜ੍ਹ ‘ਚ ਗਮਗੀਨ ਮਾਹੌਲ ‘ਚ ਕੀਤਾ ਗਿਆ ਸੰਸਕਾਰ
Sunday, May 03, 2026 - 08:44 PM (IST)
ਹਲਵਾਰਾ (ਲਾਡੀ) : ਕੈਨੇਡਾ ਦੇ ਓਂਟਾਰਿਓ ਸੂਬੇ ਦੇ ਬੈਰੀ ਸ਼ਹਿਰ ਵਿੱਚ ਇਕ ਪਾਰਕ ਅੰਦਰ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਮਿਲੀ ਪੰਜਾਬ ਦੀ ਨੌਜਵਾਨ ਲੜਕੀ ਅਨਮੋਲਦੀਪ ਕੌਰ ਦਾ ਅੱਜ ਉਸਦੇ ਜੱਦੀ ਪਿੰਡ ਅਕਾਲਗੜ੍ਹ ਵਿੱਚ ਗ਼ਮਗੀਨ ਮਾਹੌਲ ਦਰਮਿਆਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇਹ ਕੈਨੇਡਾ ਤੋਂ ਪੰਜਾਬ ਲਿਆਂਦੇ ਜਾਣ ਉਪਰੰਤ ਜਦੋਂ ਪਿੰਡ ਪਹੁੰਚੀ ਤਾਂ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
24 ਸਾਲਾ ਅਨਮੋਲਦੀਪ ਕੌਰ, ਜੋ ਕਿ ਸਾਬਕਾ ਸੂਬੇਦਾਰ ਪਰਮਿੰਦਰ ਸਿੰਘ ਦੀ ਧੀ ਸੀ, ਸਾਲ 2021 ਵਿੱਚ ਉੱਚੇ ਭਵਿੱਖ ਦੀ ਆਸ ਨਾਲ ਕੈਨੇਡਾ ਗਈ ਸੀ। ਉਥੇ ਉਹ ਛੋਟੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੀ ਸੀ ਅਤੇ ਉਸ ਨੇ ਪੱਕੀ ਰਿਹਾਇਸ਼ (ਪੀ.ਆਰ.) ਲਈ ਵੀ ਅਰਜ਼ੀ ਦਿੱਤੀ ਹੋਈ ਸੀ। ਕੁਝ ਦਿਨ ਪਹਿਲਾਂ ਉਸ ਦੀ ਲਾਸ਼ ਬੈਰੀ ਦੇ ਇਕ ਪਾਰਕ ਵਿੱਚ ਬੈਂਚ ‘ਤੇ ਭੇਦਭਰੀ ਸਥਿਤੀ ਵਿੱਚ ਮਿਲੀ ਸੀ, ਜਿਸ ਤੋਂ ਬਾਅਦ ਕੈਨੇਡੀਅਨ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅੱਜ ਅਕਾਲਗੜ੍ਹ ਦੇ ਸ਼ਮਸ਼ਾਨਘਾਟ ਵਿੱਚ ਹੋਏ ਅੰਤਿਮ ਸੰਸਕਾਰ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕਰਕੇ ਮ੍ਰਿਤਕ ਨੂੰ ਅੰਤਿਮ ਵਿਦਾਈ ਦਿੱਤੀ। ਨਮ ਅੱਖਾਂ ਨਾਲ ਭਰੇ ਮਾਹੌਲ ਵਿੱਚ ਉਸ ਦੀ ਚਿਤਾ ਨੂੰ ਅਗਨੀ ਉਸਦੇ ਪਿਤਾ ਪਰਮਿੰਦਰ ਸਿੰਘ ਵੱਲੋਂ ਦਿੱਤੀ ਗਈ। ਮੌਕੇ ‘ਤੇ ਹਰ ਕੋਈ ਦੁੱਖ ਵਿੱਚ ਡੁੱਬਿਆ ਨਜ਼ਰ ਆਇਆ ਅਤੇ ਪਰਿਵਾਰ ਨਾਲ ਹਮਦਰਦੀ ਜਤਾਈ ਗਈ।
ਪਰਿਵਾਰਕ ਜਾਣਕਾਰੀ ਅਨੁਸਾਰ ਅਨਮੋਲਦੀਪ ਕੌਰ ਦਾ ਭਰਾ ਦਿਲਪ੍ਰੀਤ ਸਿੰਘ ਇਸ ਵੇਲੇ ਅਮਰੀਕਾ ਵਿੱਚ ਰਹਿੰਦਾ ਹੈ। ਪਰਿਵਾਰ ਨੇ ਆਪਣੀ ਧੀ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ, ਪਰ ਉਸਦੀ ਅਚਾਨਕ ਮੌਤ ਨੇ ਸਾਰੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਛੱਡ ਦਿੱਤਾ ਹੈ।
ਇਸ ਦੁਖਦਾਈ ਘਟਨਾ ‘ਤੇ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਖਿਲ ਭਾਰਤੀ ਸੋਨੀਆ ਬ੍ਰਿਗੇਡ ਦੇ ਪੰਜਾਬ ਪ੍ਰਧਾਨ ਜਗਦੀਪ ਸਿੰਘ ਬਿੱਟੂ, ਕੈਪਟਨ ਲਾਲ ਸਿੰਘ, ਸਤਨਾਮ ਸਿੰਘ, ਸਮਿਤੀ ਮੈਂਬਰ ਜਗਦੇਵ ਸਿੰਘ ਜੱਗਾ, ਸਰਪੰਚ ਸਵਰਨਜੀਤ ਕੌਰ, ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਜਗਦੇਵ ਸਿੰਘ, ਪੰਚ ਹਰਜੀਤ ਸਿੰਘ ਅਤੇ ਜਥੇਦਾਰ ਪੰਚ ਅਵਤਾਰ ਸਿੰਘ ਸਮੇਤ ਕਈ ਹੋਰ ਪ੍ਰਮੁੱਖ ਵਿਅਕਤੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਇਸ ਅਸਹਿਣੀ ਪੀੜ ਨੂੰ ਸਹਿਣ ਦੀ ਤਾਕਤ ਬਖ਼ਸ਼ੇ।
