ਹੁਣ ਕੈਨੇਡਾ ''ਚ ਵੀਜ਼ਾ ਖ਼ਤਮ ਹੋਣ ਉੱਤੇ ਵੀ ਰੁਕ ਸਕਣਗੇ ਪੰਜਾਬੀ, ਲਾਗੂ ਹੋਏ ਨਵੇਂ ਨਿਯਮ
Thursday, May 07, 2026 - 01:53 PM (IST)
ਓਟਾਵਾ: ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ, ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਏਜੰਸੀ IRCC ਨੇ ਨਿਯਮਾਂ ਵਿੱਚ ਵੱਡੀ ਤਬਦੀਲੀ ਕਰਦਿਆਂ ਇਹ ਐਲਾਨ ਕੀਤਾ ਹੈ ਕਿ ਹੁਣ ਵਰਕ ਜਾਂ ਸਟੱਡੀ ਪਰਮਿਟ ਖ਼ਤਮ ਹੋਣ ਤੋਂ ਬਾਅਦ ਵਿਦੇਸ਼ੀ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਲੋੜ ਨਹੀਂ ਹੋਵੇਗੀ। 1 ਮਈ, 2026 ਤੋਂ ਲਾਗੂ ਹੋਏ ਇਨ੍ਹਾਂ ਨਵੇਂ ਨਿਯਮਾਂ ਤਹਿਤ ਹੁਣ ਪ੍ਰਵਾਸੀਆਂ ਕੋਲ ਕੈਨੇਡਾ ਵਿੱਚ ਰਹਿਣ ਲਈ ਇੱਕ ਨਵਾਂ ਵਿਕਲਪ ਮੌਜੂਦ ਹੋਵੇਗਾ।
90 ਦਿਨਾਂ ਦੇ ਅੰਦਰ 'ਵਿਜ਼ਿਟਰ' ਬਣਨ ਦਾ ਮੌਕਾ
ਨਵੇਂ ਨਿਯਮਾਂ ਅਨੁਸਾਰ, ਜੇਕਰ ਕਿਸੇ ਵਿਅਕਤੀ ਦਾ ਸਟੱਡੀ ਜਾਂ ਵਰਕ ਪਰਮਿਟ ਖ਼ਤਮ ਹੋ ਜਾਂਦਾ ਹੈ, ਤਾਂ ਉਹ 90 ਦਿਨਾਂ ਦੇ ਅੰਦਰ-ਅੰਦਰ 'ਵਿਜ਼ਿਟਰ ਰਿਕਾਰਡ' (Visitor Record) ਲਈ ਅਪਲਾਈ ਕਰ ਸਕਦਾ ਹੈ। ਇਸ ਨਾਲ ਉਹ ਬਿਨਾਂ ਨੌਕਰੀ ਜਾਂ ਪੜ੍ਹਾਈ ਦੇ ਵੀ ਕਾਨੂੰਨੀ ਤੌਰ 'ਤੇ ਕੈਨੇਡਾ ਵਿੱਚ ਰੁਕ ਸਕੇਗਾ। ਪਹਿਲਾਂ ਇਹ ਨਿਯਮ ਸੀ ਕਿ ਸਟੇਟਸ ਬਹਾਲ ਕਰਵਾਉਣ ਲਈ ਵਿਅਕਤੀ ਨੂੰ ਉਸੇ ਕੈਟੇਗਰੀ (ਵਰਕਰ ਜਾਂ ਸਟੂਡੈਂਟ) ਵਿੱਚ ਰਹਿਣਾ ਪੈਂਦਾ ਸੀ, ਜਿਸ ਕਾਰਨ ਨਵੀਂ ਨੌਕਰੀ ਜਾਂ ਕੋਰਸ ਨਾ ਹੋਣ ਦੀ ਸੂਰਤ ਵਿੱਚ ਭਾਰਤ ਪਰਤਣਾ ਮਜਬੂਰੀ ਬਣ ਜਾਂਦਾ ਸੀ।
ਕੰਮ ਅਤੇ ਪੜ੍ਹਾਈ 'ਤੇ ਰਹੇਗੀ ਰੋਕ
ਹਾਲਾਂਕਿ, IRCC ਨੇ ਸਪੱਸ਼ਟ ਕੀਤਾ ਹੈ ਕਿ ਪਰਮਿਟ ਖ਼ਤਮ ਹੋਣ ਤੋਂ ਬਾਅਦ ਜਦੋਂ ਤੱਕ ਨਵਾਂ ਵਿਜ਼ਿਟਰ ਰਿਕਾਰਡ ਮਨਜ਼ੂਰ ਨਹੀਂ ਹੋ ਜਾਂਦਾ, ਉਦੋਂ ਤੱਕ ਵਿਅਕਤੀ ਨੂੰ ਕੰਮ ਜਾਂ ਪੜ੍ਹਾਈ ਤੁਰੰਤ ਬੰਦ ਕਰਨੀ ਪਵੇਗੀ। ਇਸ ਪ੍ਰਕਿਰਿਆ ਲਈ ਕੁੱਲ $346.25 ਡਾਲਰ (ਲਗਭਗ 21,500 ਰੁਪਏ) ਦੀ ਫੀਸ ਭਰਨੀ ਹੋਵੇਗੀ, ਜਿਸ ਵਿੱਚ ਸਟੇਟਸ ਬਹਾਲੀ ਅਤੇ ਵਿਜ਼ਿਟਰ ਰਿਕਾਰਡ ਦੀ ਫੀਸ ਸ਼ਾਮਲ ਹੈ।
33 ਹਜ਼ਾਰ ਵਰਕਰਾਂ ਨੂੰ ਮਿਲੇਗੀ ਸਿੱਧੀ PR
ਇੱਕ ਹੋਰ ਵੱਡੇ ਫੈਸਲੇ ਵਿੱਚ, ਕੈਨੇਡਾ ਸਰਕਾਰ ਨੇ 'ਇਨ-ਕੈਨੇਡਾ ਵਰਕਰਜ਼ ਇਨੀਸ਼ੀਏਟਿਵ' ਤਹਿਤ 33,000 ਵਰਕਰਾਂ ਨੂੰ ਸਿੱਧੀ ਪੱਕੀ ਨਾਗਰਿਕਤਾ (PR) ਦੇਣ ਦਾ ਐਲਾਨ ਕੀਤਾ ਹੈ। ਇਹ ਰਾਹਤ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਹੈ ਜੋ ਕੈਨੇਡਾ ਦੇ ਛੋਟੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿੱਚ ਰਹਿ ਕੇ ਉੱਥੋਂ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ। ਸਰਕਾਰ ਦਾ ਟੀਚਾ ਹੈ ਕਿ ਸਾਲ 2026 ਵਿੱਚ 20,000 ਵਰਕਰਾਂ ਨੂੰ PR ਦਿੱਤੀ ਜਾਵੇ ਅਤੇ ਬਾਕੀ ਰਹਿੰਦੇ ਲੋਕਾਂ ਦੀ ਪ੍ਰਕਿਰਿਆ 2027 ਤੱਕ ਪੂਰੀ ਕੀਤੀ ਜਾਵੇ।
ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ, ਜੇਕਰ ਸਟੇਟਸ ਖ਼ਤਮ ਹੋਏ ਨੂੰ 90 ਦਿਨਾਂ ਤੋਂ ਵੱਧ ਸਮਾਂ ਬੀਤ ਜਾਂਦਾ ਹੈ, ਤਾਂ ਇਹ ਨਵੀਂ ਰਾਹਤ ਨਹੀਂ ਮਿਲੇਗੀ ਅਤੇ ਡਿਪੋਰਟ (ਦੇਸ਼ ਨਿਕਾਲਾ) ਦੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ, ਸਮੇਂ ਸਿਰ ਅਪਲਾਈ ਨਾ ਕਰਨ ਨਾਲ ਭਵਿੱਖ ਵਿੱਚ PR ਲੈਣ ਵਿੱਚ ਵੀ ਮੁਸ਼ਕਲ ਆ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਰਮਿਟ ਖ਼ਤਮ ਹੋਣ ਤੋਂ ਪਹਿਲਾਂ ਹੀ ਅਪਲਾਈ ਕਰਨਾ ਸਭ ਤੋਂ ਵਧੀਆ ਹੈ, ਜਿਸ ਨੂੰ 'ਮੇਨਟੇਨਡ ਸਟੇਟਸ' ਕਿਹਾ ਜਾਂਦਾ ਹੈ, ਤਾਂ ਜੋ ਕੰਮ ਜਾਂ ਪੜ੍ਹਾਈ ਜਾਰੀ ਰੱਖੀ ਜਾ ਸਕੇ।
