ਪੰਜਾਬ ਦੇ ਇਸ ਹਾਈਵੇ ਉਪਰ ਧਰਨੇ 'ਤੇ ਬੈਠ ਗਏ ਕਿਸਾਨ, ਪੂਰੀ ਤਰ੍ਹਾਂ ਜਾਮ ਹੋ ਗਿਆ ਮੁੱਖ ਮਾਰਗ

Saturday, Apr 25, 2026 - 06:03 PM (IST)

ਪੰਜਾਬ ਦੇ ਇਸ ਹਾਈਵੇ ਉਪਰ ਧਰਨੇ 'ਤੇ ਬੈਠ ਗਏ ਕਿਸਾਨ, ਪੂਰੀ ਤਰ੍ਹਾਂ ਜਾਮ ਹੋ ਗਿਆ ਮੁੱਖ ਮਾਰਗ

ਮੋਗਾ (ਕਸ਼ਿਸ਼ ਸਿੰਗਲਾ) : ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਉਸ ਵੇਲੇ ਤਣਾਅਪੂਰਨ ਹਾਲਾਤ ਬਣ ਗਏ ਜਦੋਂ ਖਖਰਾਣਾ ਮੰਡੀ ਵਿਚ ਲਿਫਟਿੰਗ ਨਾ ਹੋਣ ਕਾਰਨ ਧਰਨਾ ਦੇ ਰਹੇ ਕਿਸਾਨਾਂ ਨਾਲ ਇਕ ਗੰਭੀਰ ਘਟਨਾ ਵਾਪਰ ਗਈ। ਜਾਣਕਾਰੀ ਅਨੁਸਾਰ ਇਕ ਅਣਪਛਾਤੇ ਸਕਾਰਪੀਓ ਸਵਾਰ ਵੱਲੋਂ ਧਰਨਾ ਲਗਾ ਕੇ ਬੈਠੇ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਮੌਕੇ ’ਤੇ ਹੜਕੰਪ ਮਚ ਗਿਆ। ਖੁਸ਼ਕਿਸਮਤੀ ਨਾਲ ਕਿਸਾਨ ਇਸ ਘਟਨਾ ਵਿਚ ਬਚ ਗਏ ਅਤੇ ਵੱਡਾ ਹਾਦਸਾ ਟਲ ਗਿਆ ਪਰ ਇਸ ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਕਿਸਾਨਾਂ ਵਿਚ ਭਾਰੀ ਗੁੱਸਾ ਵੇਖਣ ਨੂੰ ਮਿਲਿਆ। ਕਿਸਾਨਾਂ ਨੇ ਇਸ ਨੂੰ ਆਪਣੀ ਜਾਨ ਨਾਲ ਖੇਡਣ ਵਾਲੀ ਕੋਸ਼ਿਸ਼ ਕਰਾਰ ਦਿੰਦਿਆਂ ਸਖ਼ਤ ਨਿੰਦਾ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ, ਕਾਂਗਰਸ ਨੇ ਕੀਤੀਆਂ ਨਿਯੁਕਤੀਆਂ

ਦੂਜੇ ਪਾਸੇ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਕਾਰਪੀਓ ਗੱਡੀ ਦਾ ਨੰਬਰ ਟਰੇਸ ਕਰ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਗੱਡੀ ਦੀ ਪਛਾਣ ਕਰਕੇ ਦੋਸ਼ੀ ਨੂੰ ਜਲਦ ਕਾਬੂ ਕਰਨ ਲਈ ਤਫ਼ਤੀਸ਼ ਜਾਰੀ ਹੈ। ਇਸ ਸਮੇਂ ਖਖਰਾਣਾ ਮੰਡੀ ਵਿਚ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਦਾ ਗੁੱਸਾ ਪਹਿਲਾਂ ਹੀ ਸਿਖਰ ’ਤੇ ਸੀ। ਕਈ ਦਿਨਾਂ ਤੋਂ ਫਸਲ ਦੀ ਖਰੀਦ ਅਤੇ ਲਿਫਟਿੰਗ ਵਿਚ ਦੇਰੀ ਕਾਰਨ ਕਿਸਾਨ ਪਰੇਸ਼ਾਨ ਹਨ। ਮੰਡੀ ਵਿਚ ਪਈ ਕਣਕ ਦੀਆਂ ਢੇਰੀਆਂ ਅਤੇ ਵੱਧ ਰਹੀ ਗਰਮੀ ਨੇ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਇਸ ਗੁੱਸੇ ਦੇ ਚਲਦਿਆਂ ਕਿਸਾਨਾਂ ਨੇ ਮੰਡੀ ਦੇ ਬਾਹਰ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਲੰਬੀਆਂ ਲਾਈਨਾਂ ਵਿਚ ਵਾਹਨ ਫਸੇ ਰਹੇ ਅਤੇ ਆਮ ਲੋਕਾਂ ਨੂੰ ਵੀ ਕਾਫ਼ੀ ਦਿਕ਼ਤਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਪੰਜਾਬ : ਇੰਸਪੈਕਟਰ ਦੀ ਸ਼ੱਕੀ ਹਾਲਾਤ 'ਚ ਮੌਤ, 200 ਕਿਲੋਮੀਟਰ ਦੂਰ ਮਿਲੀ ਲਾਸ਼

ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਭਰੋਸੇ ਦਿੱਤੇ ਗਏ ਪਰ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਲਿਫਟਿੰਗ ਸ਼ੁਰੂ ਨਾ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਮੌਕੇ ’ਤੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਹਨ, ਜੋ ਕਿਸਾਨਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫਿਲਹਾਲ ਹਾਲਾਤ ਤਣਾਅਪੂਰਨ ਹਨ ਪਰ ਸਥਿਤੀ ਨੂੰ ਕਾਬੂ ਵਿਚ ਰੱਖਣ ਲਈ ਯਤਨ ਜਾਰੀ ਹਨ। ਇਹ ਸਪਸ਼ਟ ਹੈ ਕਿ ਜੇਕਰ ਲਿਫਟਿੰਗ ਦੀ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋਰ ਵੀ ਵੱਧ ਸਕਦੇ ਹਨ।

ਇਹ ਵੀ ਪੜ੍ਹੋ : ਰਾਘਵ ਚੱਢਾ ਦੀ ਬਗਾਵਤ ਮਗਰੋਂ ਹੁਣ 50 ਵਿਧਾਇਕ ਛੱਡ ਸਕਦੇ ਨੇ ਪਾਰਟੀ, ਕਾਂਗਰਸ ਨੇ ਕੀਤਾ ਅਲਰਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News