ਨਿੱਕੇ ਜਿਹੇ ਪਿੰਡ ਮੱਲਕੇ ਦੀ ਧੀ ਨੇ ਕੈਨੇਡਾ ''ਚ ਹਾਸਲ ਕੀਤਾ ਵੱਡਾ ਮੁਕਾਮ, ਪੁਲਸ ''ਚ ਲੱਗੀ ਅਫ਼ਸਰ
Monday, May 04, 2026 - 01:47 PM (IST)
ਮੋਗਾ (ਕਸ਼ਿਸ਼ ਸਿੰਗਲਾ) : ਪਿੰਡ ਮੱਲਕੇ ਦੀ ਹੋਣਹਾਰ ਧੀ ਜਸਦੀਪ ਕੌਰ ਬਰਾੜ ਨੇ ਕੈਨੇਡਾ ਪੁਲਸ ਵਿੱਚ 'ਪੀਸ ਆਫੀਸਰ' ਵਜੋਂ ਨਿਯੁਕਤ ਹੋ ਕੇ ਆਪਣੇ ਪਿੰਡ ਇਲਾਕੇ ਅਤੇ ਪੂਰੇ ਪੰਜਾਬ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ ਹੈ। ਜਸਦੀਪ ਕੌਰ ਦੇ ਪਿਤਾ ਪਿੰਡ ਮੱਲਕੇ ਦੇ ਮੌਜੂਦਾ ਸਰਪੰਚ ਹਨ। ਜਿਉਂ ਹੀ ਜਸਦੀਪ ਕੌਰ ਬਰਾੜ ਦੀ ਇਸ ਵੱਡੀ ਕਾਮਯਾਬੀ ਦੀ ਖ਼ਬਰ ਪਿੰਡ ਮੱਲਕੇ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪਹੁੰਚੀ ਤਾਂ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਰਪੰਚ ਰਾਜਾ ਮੱਲਕੇ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸਵੇਰ ਤੋਂ ਹੀ ਰਿਸ਼ਤੇਦਾਰ, ਪਿੰਡ ਵਾਸੀ, ਸਿਆਸੀ ਆਗੂ ਅਤੇ ਇਲਾਕੇ ਦੇ ਪਤਵੰਤੇ ਸੱਜਣ ਪਰਿਵਾਰ ਨੂੰ ਮੁਬਾਰਕਬਾਦ ਦੇਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਰਹੇ ਹਨ। ਲੋਕ ਮੂੰਹ ਮਿੱਠਾ ਕਰਵਾ ਕੇ ਅਤੇ ਢੋਲ ਦੇ ਡਗੇ 'ਤੇ ਭੰਗੜੇ ਪਾ ਕੇ ਇਸ ਖੁਸ਼ੀ ਨੂੰ ਸਾਂਝਾ ਕਰ ਰਹੇ ਹਨ। ਹਰ ਕਿਸੇ ਦੀ ਜ਼ੁਬਾਨ 'ਤੇ ਜਸਦੀਪ ਦੀ ਮਿਹਨਤ ਅਤੇ ਲਗਨ ਦੀਆਂ ਗੱਲਾਂ ਹਨ। ਪਿੰਡ ਦੇ ਬਜ਼ੁਰਗ ਆਪਣੀ ਧੀ ਦੀ ਇਸ ਪ੍ਰਾਪਤੀ 'ਤੇ ਅਸੀਸਾਂ ਦੇ ਰਹੇ ਹਨ।
ਅਣਥੱਕ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ
ਕੈਨੇਡਾ ਵਰਗੇ ਵਿਕਸਿਤ ਦੇਸ਼ ਵਿਚ ਜਾ ਕੇ ਉੱਥੋਂ ਦੇ ਸਿਸਟਮ ਨੂੰ ਸਮਝਣਾ ਅਤੇ ਫਿਰ ਪੁਲਸ ਵਿਭਾਗ ਵਰਗੀ ਅਹਿਮ ਫੋਰਸ ਵਿਚ ਭਰਤੀ ਹੋਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਸਰੀਰਕ, ਮਾਨਸਿਕ ਅਤੇ ਅਕਾਦਮਿਕ ਤੌਰ 'ਤੇ ਬਹੁਤ ਸਖ਼ਤ ਪ੍ਰੀਖਿਆਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਜਸਦੀਪ ਕੌਰ ਬਰਾੜ ਨੇ ਆਪਣੀ ਅਣਥੱਕ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਮਾਪਿਆਂ ਵੱਲੋਂ ਦਿੱਤੇ ਗਏ ਚੰਗੇ ਸੰਸਕਾਰਾਂ ਸਦਕਾ ਇਹ ਵੱਡੀ ਮੰਜ਼ਿਲ ਸਰ ਕੀਤੀ ਹੈ। ਉਸਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਨਸਾਨ ਦੇ ਹੌਂਸਲੇ ਬੁਲੰਦ ਹੋਣ ਅਤੇ ਨਿਸ਼ਾਨਾ ਮਿੱਥਿਆ ਹੋਵੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਸਨੂੰ ਆਪਣਾ ਟੀਚਾ ਹਾਸਲ ਕਰਨ ਤੋਂ ਰੋਕ ਨਹੀਂ ਸਕਦੀ।
ਪਰਿਵਾਰ ਦਾ ਪ੍ਰਗਟਾਵਾ
ਸਰਪੰਚ ਰਾਜਾ ਮੱਲਕੇ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਉਨ੍ਹਾਂ ਦੀ ਧੀ ਨੇ ਉਨ੍ਹਾਂ ਦਾ ਅਤੇ ਪੂਰੇ ਪਿੰਡ ਦਾ ਸੁਫਨਾ ਪੂਰਾ ਕਰ ਦਿੱਤਾ ਹੈ। ਵਿਦੇਸ਼ੀ ਧਰਤੀ 'ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਵਾਲੀ ਫੋਰਸ ਦਾ ਹਿੱਸਾ ਬਣਨਾ ਉਹਨਾਂ ਦੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ। ਪੂਰਾ ਇਲਾਕਾ ਆਸ ਕਰਦਾ ਹੈ ਕਿ ਜਸਦੀਪ ਕੌਰ ਬਰਾੜ ਆਪਣੀ ਡਿਊਟੀ ਪੂਰੀ ਇਮਾਨਦਾਰੀ, ਤਨਦੇਹੀ ਅਤੇ ਨਿਰਪੱਖਤਾ ਨਾਲ ਨਿਭਾਵੇਗੀ ਅਤੇ ਭਵਿੱਖ ਵਿਚ ਵੀ ਹੋਰ ਵੱਡੀਆਂ ਬੁਲੰਦੀਆਂ ਨੂੰ ਛੂਹੇਗੀ।
