3000 ਵੱਡੇ ਉਦਯੋਗਾਂ ਨੂੰ ਕਰ ਦਿਓ ਬੰਦ! ਦਿੱਲੀ ਦੇ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਚੀਨ ਦਾ ‘ਵਿਸਫੋਟਕ’ ਸੁਝਾਅ

Sunday, Dec 21, 2025 - 04:37 PM (IST)

3000 ਵੱਡੇ ਉਦਯੋਗਾਂ ਨੂੰ ਕਰ ਦਿਓ ਬੰਦ! ਦਿੱਲੀ ਦੇ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਚੀਨ ਦਾ ‘ਵਿਸਫੋਟਕ’ ਸੁਝਾਅ

ਨਵੀਂ ਦਿੱਲੀ: ਦਿੱਲੀ-ਐੱਨ.ਸੀ.ਆਰ. ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਹੁਣ ਚੀਨ ਨੇ ਇੱਕ ਕ੍ਰਾਂਤੀਕਾਰੀ ਅਤੇ ਸਖ਼ਤ ਸੁਝਾਅ ਦਿੱਤਾ ਹੈ। ਚੀਨੀ ਬੁਲਾਰਨ ਮੈਡਮ ਯੂ ਜਿੰਗ ਨੇ ਬੀਜਿੰਗ ਦੀ ਹਵਾ ਨੂੰ ਸਾਫ਼ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਭਾਰਤ ਨੂੰ ਸਲਾਹ ਦਿੱਤੀ ਹੈ ਕਿ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ (ਨੋਇਡਾ-ਫਰੀਦਾਬਾਦ) ਵਿੱਚੋਂ 3000 ਤੋਂ ਵੱਧ ਭਾਰੀ ਉਦਯੋਗਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਕਿਸੇ ਹੋਰ ਥਾਂ ਤਬਦੀਲ ਕਰ ਦੇਣਾ ਚਾਹੀਦਾ ਹੈ।

ਉਦਯੋਗਿਕ ਪੁਨਰਗਠਨ 'ਤੇ ਜ਼ੋਰ
ਚੀਨੀ ਬੁਲਾਰਨ ਨੇ ਬੀਜਿੰਗ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉੱਥੋਂ ਦੀ ਇੱਕ ਵੱਡੀ ਸਟੀਲ ਕੰਪਨੀ, 'ਸ਼ੋਗਾਂਗ' ਨੂੰ ਸ਼ਿਫਟ ਕਰਨ ਨਾਲ ਹਵਾ ਵਿੱਚ ਮੌਜੂਦ ਜ਼ਹਿਰੀਲੇ ਕਣਾਂ ਵਿੱਚ 20 ਫੀਸਦੀ ਦੀ ਕਮੀ ਦਰਜ ਕੀਤੀ ਗਈ ਸੀ। ਉਨ੍ਹਾਂ ਸੁਝਾਅ ਦਿੱਤਾ ਕਿ ਦਿੱਲੀ-ਐੱਨ.ਸੀ.ਆਰ. ਵਿੱਚ ਮੌਜੂਦ ਸੈਂਕੜੇ ਭਾਰੀ ਉਦਯੋਗਾਂ ਨੂੰ ਦੂਜੇ ਰਾਜਾਂ ਵਿੱਚ ਤਬਦੀਲ ਕਰਨਾ ਕੋਈ ਅਸੰਭਵ ਕੰਮ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫੈਕਟਰੀਆਂ ਦੇ ਬੰਦ ਹੋਣ ਨਾਲ ਖਾਲੀ ਹੋਈ ਜਗ੍ਹਾ ਨੂੰ ਪਾਰਕਾਂ, ਕਮਰਸ਼ੀਅਲ ਜ਼ੋਨਾਂ ਜਾਂ ਟੈਕ ਹੱਬ ਵਿੱਚ ਬਦਲਿਆ ਜਾਣਾ ਚਾਹੀਦਾ ਹੈ।

ਗੈਰ-ਜ਼ਰੂਰੀ ਸੰਸਥਾਵਾਂ ਨੂੰ ਸ਼ਹਿਰ ਤੋਂ ਬਾਹਰ ਕੱਢਣ ਦੀ ਸਲਾਹ
ਸਰੋਤਾਂ ਅਨੁਸਾਰ ਚੀਨ ਨੇ ਸੁਝਾਅ ਦਿੱਤਾ ਹੈ ਕਿ ਜਿਨ੍ਹਾਂ ਥੋਕ ਬਾਜ਼ਾਰਾਂ, ਲੋਜਿਸਟਿਕ ਹੱਬ, ਵਿਦਿਅਕ ਅਤੇ ਮੈਡੀਕਲ ਸੰਸਥਾਵਾਂ ਦੀ ਰਾਜਧਾਨੀ ਵਿੱਚ ਬਹੁਤੀ ਲੋੜ ਨਹੀਂ ਹੈ, ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਲਿਜਾ ਕੇ ਦਿੱਲੀ ਦਾ ਬੋਝ ਘੱਟ ਕੀਤਾ ਜਾ ਸਕਦਾ ਹੈ। ਚੀਨ ਨੇ ਖੁਦ ਵੀ ਆਪਣੇ ਨਿਰਮਾਣ ਖੇਤਰਾਂ ਨੂੰ ਹੋਰਨਾਂ ਇਲਾਕਿਆਂ ਵਿੱਚ ਸ਼ਿਫਟ ਕਰਕੇ ਸਿਰਫ਼ ਉੱਚ-ਮੁੱਲ ਵਾਲੀ ਖੋਜ ਅਤੇ ਵਿਕਾਸ (R&D) ਨੂੰ ਹੀ ਬੀਜਿੰਗ ਵਿੱਚ ਰੱਖਿਆ ਹੈ।

ਕੋਲੇ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ
ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਹੋਰ ਵੱਡਾ ਕਦਮ ਕੋਲੇ ਦੀ ਵਰਤੋਂ ਨੂੰ ਖ਼ਤਮ ਕਰਨਾ ਹੈ। ਚੀਨੀ ਬੁਲਾਰੇ ਮੁਤਾਬਕ, ਬੀਜਿੰਗ ਵਿੱਚ ਚਾਰ ਵੱਡੇ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਨੂੰ ਬੰਦ ਕਰਕੇ ਉਨ੍ਹਾਂ ਦੀ ਜਗ੍ਹਾ ਕੁਦਰਤੀ ਗੈਸ ਨਾਲ ਚੱਲਣ ਵਾਲੇ ਸਟੇਸ਼ਨ ਸਥਾਪਿਤ ਕੀਤੇ ਗਏ ਹਨ। 10 ਲੱਖ ਤੋਂ ਵੱਧ ਪੇਂਡੂ ਘਰਾਂ ਨੂੰ ਕੋਲੇ ਦੀ ਬਜਾਏ ਬਿਜਲੀ ਜਾਂ ਕੁਦਰਤੀ ਗੈਸ 'ਤੇ ਸ਼ਿਫਟ ਕੀਤਾ ਗਿਆ। ਨਤੀਜੇ ਵਜੋਂ, 2025 ਤੱਕ ਬੀਜਿੰਗ ਵਿੱਚ ਕੋਲੇ ਦੀ ਖਪਤ 2012 ਦੇ 21 ਮਿਲੀਅਨ ਟਨ ਤੋਂ ਘਟ ਕੇ 6 ਲੱਖ ਟਨ ਤੋਂ ਵੀ ਘੱਟ ਰਹਿ ਗਈ ਹੈ, ਜੋ ਕਿ ਸ਼ਹਿਰ ਦੀ ਕੁੱਲ ਊਰਜਾ ਦਾ 1% ਤੋਂ ਵੀ ਘੱਟ ਹੈ।

ਇਹ ਸੁਝਾਅ ਦਿੱਲੀ ਲਈ ਬੇਹੱਦ ਮਹੱਤਵਪੂਰਨ ਮੰਨੇ ਜਾ ਰਹੇ ਹਨ, ਹਾਲਾਂਕਿ ਇਨ੍ਹਾਂ ਨੂੰ ਲਾਗੂ ਕਰਨਾ ਭਾਰਤ ਲਈ ਇੱਕ ਵੱਡੀ ਚੁਣੌਤੀ ਹੋ ਸਕਦਾ ਹੈ।


author

Baljit Singh

Content Editor

Related News