ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰਾਂ ''ਚ ਹੜ੍ਹ ਦਾ ਖਤਰਾ, ਸੈਂਕੜੇ ਪਰਿਵਾਰਾਂ ਨੂੰ ਘਰ ਛੱਡਣ ਦੇ ਹੁਕਮ
Thursday, Dec 11, 2025 - 07:50 PM (IST)
ਵੈਨਕੂਵਰ, (ਮਲਕੀਤ ਸਿੰਘ )-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਫਰੇਜ਼ਰ ਵੈਲੀ ਪਹਾੜੀ ਖੇਤਰ 'ਚ ਪਿਛਲੇ ਦੋ ਹਫਤੇ ਤੋਂ ਲਗਾਤਾਰ ਪੈ ਰਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਕਾਰਨ ਦਰਿਆਈ ਖੇਤਰਾਂ 'ਚ ਪਾਣੀ ਦਾ ਪੱਧਰ ਵਧਣਾ ਲਗਾਤਾਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਨੀਵੇਂ ਥਾਂ 'ਤੇ ਬਣੇ ਕੁਝ ਘਰਾਂ ਦੇ ਪਰਿਵਾਰਾਂ ਨੂੰ ਉਥੋਂ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਹੁਣ ਤੱਕ ਪ੍ਰਾਪਤ ਤਾਜ਼ਾ ਵੇਰਵੇ ਮੁਤਾਬਕ ਪ੍ਰਸ਼ਾਸਨ ਵੱਲੋਂ ਅਜਿਹੇ ਤਕਰੀਬਨ 350 ਤੋਂ ਵੱਧ ਘਰਾਂ ਨੂੰ ਖਾਲੀ ਕਰਨ ਦੀ ਸੂਚੀ ਜਾਰੀ ਕੀਤੀ ਗਈ ਹੈ। ਸਮੁੱਚੇ ਫਰੇਜਵੈਲੀ ਇਲਾਕੇ 'ਚ ਪਾਣੀ ਦੀ ਸੰਭਾਵਿਤ ਤਬਾਹੀ ਨੂੰ ਵੇਖਦਿਆਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਤੇ ਉੱਥੋਂ ਦੇ ਵਸਨੀਕਾਂ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ । ਇਥੋਂ ਦੇ ਕਈ ਇਲਾਕਿਆਂ 'ਚ ਮੀਂਹ ਦਾ ਪਾਣੀ ਇਕੱਤਰ ਹੋਣ ਕਾਰਨ ਲੋਰਮੈਂਡ ਤੋਂ ਬਾਹਰ ਜਾਣ ਵਾਲੀਆਂ ਲਗਭਗ ਸਾਰੀਆਂ ਪ੍ਰਮੁੱਖ ਸੜਕਾਂ 'ਤੇ ਆਰਜੀ ਤੌਰ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਬਚਾਅ ਕਾਰਜਾਂ ਲਈ ਪਹਿਲਾਂ ਤੋਂ ਤੈਇਨਾਤ ਐਮਰਜੈਸੀ ਕਰਮਚਾਰੀਆਂ ਅਤੇ ਰਾਹਤ ਟੀਮਾਂ ਵੱਲੋਂ ਪੂਰੀ ਸਥਿਤੀ ਤੇ ਬੜੀ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਖਤਰਨਾਕ ਸਥਿਤੀ ਨਾਲ ਟਾਕਰਾ ਕਰਨ ਲਈ ਅਗਾਊ ਪ੍ਰਬੰਧ ਕਰ ਲਏ ਗਏ ਹਨ ।
