ਵੱਡੇ-ਵੱਡੇ ਜਹਾਜ਼ ਹੋ ਜਾਂਦੇ ਗਾਇਬ..., Bermuda Triangle ਦੇ ਰਹੱਸ ਤੋਂ ਉੱਠਿਆ ਪਰਦਾ
Tuesday, Dec 16, 2025 - 03:33 PM (IST)
ਵੈੱਬ ਡੈਸਕ : ਬਰਮੂਡਾ ਟ੍ਰਾਈਐਂਗਲ, ਜਿਸ ਨੂੰ 'ਡੈਵਿਲਜ਼ ਟ੍ਰਾਈਐਂਗਲ' ਵੀ ਕਿਹਾ ਜਾਂਦਾ ਹੈ, ਰਹੱਸਮਈ ਢੰਗ ਨਾਲ ਹਵਾਈ ਜਹਾਜ਼ਾਂ ਤੇ ਸਮੁੰਦਰੀ ਜਹਾਜ਼ਾਂ ਦੇ ਗਾਇਬ ਹੋਣ ਦੀਆਂ ਕਹਾਣੀਆਂ ਲਈ ਮਸ਼ਹੂਰ ਹੈ। ਹੁਣ ਵਿਗਿਆਨੀਆਂ ਨੇ ਬਰਮੂਡਾ ਟਾਪੂ ਦੇ ਹੇਠਾਂ ਇੱਕ ਅਸਲੀ ਭੂਗੋਲਿਕ ਰਹੱਸ ਦੀ ਖੋਜ ਕੀਤੀ ਹੈ, ਜੋ ਪਿਛਲੇ ਰਹੱਸਾਂ ਨੂੰ ਪਿੱਛੇ ਛੱਡ ਸਕਦਾ ਹੈ।
ਇੱਕ ਨਵੇਂ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਟਾਪੂ ਦੇ ਹੇਠਾਂ ਧਰਤੀ ਦੀ ਉਪਰਲੀ ਪਰਤ ਦੇ ਬਿਲਕੁਲ ਹੇਠਾਂ ਇੱਕ 20 ਕਿਲੋਮੀਟਰ ਮੋਟੀ ਚੱਟਾਨ ਦੀ ਅਨੋਖੀ ਪਰਤ ਮੌਜੂਦ ਹੈ। ਇਹ ਪਰਤ ਆਸ-ਪਾਸ ਦੀਆਂ ਚੱਟਾਨਾਂ ਨਾਲੋਂ ਘੱਟ ਸੰਘਣੀ (Less Dense) ਹੈ, ਜਿਸ ਕਾਰਨ ਇਹ ਟਾਪੂ ਨੂੰ ਇੱਕ ਰਾਫਟ ਵਾਂਗ ਉੱਪਰ ਚੁੱਕੀ ਰੱਖਦੀ ਹੈ। ਖੋਜਕਰਤਾਵਾਂ ਅਨੁਸਾਰ, ਧਰਤੀ 'ਤੇ ਹੋਰ ਕਿਤੇ ਵੀ ਅਜਿਹੀ ਪਰਤ ਨਹੀਂ ਲੱਭੀ ਗਈ ਹੈ।

ਕਿਉਂ ਹੈ ਇਹ ਪਰਤ ਅਨੋਖੀ?
ਬਰਮੂਡਾ ਇੱਕ ਜੁਆਲਾਮੁਖੀ ਟਾਪੂ ਹੈ, ਪਰ 3 ਕਰੋੜ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਇੱਥੇ ਜਵਾਲਾਮੁਖੀ ਸਰਗਰਮ ਨਹੀਂ ਹੈ। ਆਮ ਤੌਰ 'ਤੇ ਜਦੋਂ ਜਵਾਲਾਮੁਖੀ ਬੰਦ ਹੋ ਜਾਂਦਾ ਹੈ ਤਾਂ ਪਰਤ ਠੰਡੀ ਹੋ ਕੇ ਹੇਠਾਂ ਧੱਸ ਜਾਂਦੀ ਹੈ, ਪਰ ਬਰਮੂਡਾ ਨਹੀਂ ਧੱਸਿਆ ਅਤੇ ਸਮੁੰਦਰ ਤਲ ਤੋਂ 500 ਮੀਟਰ ਉੱਪਰ ਕਾਇਮ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਪਰਤ ਆਖਰੀ ਜਵਾਲਾਮੁਖੀ ਵਿਸਫੋਟ ਦੇ ਸਮੇਂ ਬਣੀ ਸੀ, ਜਦੋਂ ਧਰਤੀ ਦੀ ਗਰਮ ਅੰਦਰੂਨੀ ਪਰਤ (ਮੈਂਟਲ) ਦੀ ਚੱਟਾਨ ਪਰਚ 'ਚ ਦਾਖਲ ਹੋ ਕੇ ਉੱਥੇ ਜੰਮ ਗਈ। ਇਸ ਪ੍ਰਕਿਰਿਆ ਨੂੰ 'ਅੰਡਰਪਲੇਟਿੰਗ' ਕਿਹਾ ਜਾਂਦਾ ਹੈ ਅਤੇ ਕਿਉਂਕਿ ਇਹ ਪਰਤ ਆਸ-ਪਾਸ ਦੀ ਚੱਟਾਨ ਨਾਲੋਂ ਲਗਭਗ 1.5 ਫੀਸਦੀ ਘੱਟ ਸੰਘਣੀ ਹੈ, ਇਸ ਲਈ ਇਹ ਟਾਪੂ ਨੂੰ 'ਤੈਰਦਾ' ਰੱਖਦੀ ਹੈ।
ਖੋਜ ਕਿਵੇਂ ਕੀਤੀ ਗਈ?
ਇਸ ਖੋਜ ਵਿੱਚ ਕਾਰਨੇਗੀ ਸਾਇੰਸ ਦੇ ਸੀਸਮੋਲੋਜਿਸਟ ਵਿਲੀਅਮ ਫਰੇਜ਼ਰ ਅਤੇ ਯੇਲ ਯੂਨੀਵਰਸਿਟੀ ਦੇ ਜੈਫਰੀ ਪਾਰਕ ਸ਼ਾਮਲ ਸਨ। ਉਨ੍ਹਾਂ ਨੇ 396 ਭੂਚਾਲਾਂ ਤੋਂ ਪੈਦਾ ਹੋਈਆਂ ਭੂਚਾਲੀ ਤਰੰਗਾਂ (Seismic Waves) ਦਾ ਅਧਿਐਨ ਕੀਤਾ, ਜਿਸ ਨਾਲ ਉਨ੍ਹਾਂ ਨੂੰ ਟਾਪੂ ਦੇ ਹੇਠਾਂ 50 ਕਿਲੋਮੀਟਰ ਤੱਕ ਦੀ ਬਣਤਰ ਦੀ ਤਸਵੀਰ ਮਿਲੀ। ਇਹ ਅਧਿਐਨ Geophysical Research Letters ਜਰਨਲ 'ਚ ਪ੍ਰਕਾਸ਼ਿਤ ਹੋਇਆ ਹੈ।

ਕੀ ਕਹਿੰਦੇ ਹਨ ਗਾਇਬ ਹੋਏ ਜਹਾਜ਼ਾਂ ਬਾਰੇ?
ਬਰਮੂਡਾ ਟ੍ਰਾਈਐਂਗਲ (ਜੋ ਫਲੋਰੀਡਾ, ਬਰਮੂਡਾ ਅਤੇ ਪਿਊਰਟੋ ਰੀਕੋ ਦੇ ਵਿਚਕਾਰ ਹੈ) ਵਿੱਚ ਹੁਣ ਤੱਕ 50 ਤੋਂ ਵੱਧ ਜਹਾਜ਼ ਅਤੇ 20 ਤੋਂ ਵੱਧ ਹਵਾਈ ਜਹਾਜ਼ ਗਾਇਬ ਹੋਏ ਹਨ। ਇਨ੍ਹਾਂ ਵਿੱਚ 1945 ਵਿੱਚ ਗਾਇਬ ਹੋਏ 'ਫਲਾਈਟ 19' (5 ਅਮਰੀਕੀ ਨੇਵੀ ਬੰਬਾਰ ਜਹਾਜ਼ ਅਤੇ 14 ਲੋਕ) ਦੀ ਘਟਨਾ ਸਭ ਤੋਂ ਮਸ਼ਹੂਰ ਹੈ। ਹਾਲਾਂਕਿ, ਵਿਗਿਆਨੀ ਇਸ ਰਹੱਸ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ। ਉਹ ਕਹਿੰਦੇ ਹਨ ਕਿ ਇਹ ਖੇਤਰ ਬਹੁਤ ਵਿਅਸਤ ਹੈ ਅਤੇ ਇੱਥੇ ਜਹਾਜ਼ਾਂ ਦੇ ਗਾਇਬ ਹੋਣ ਦੀ ਦਰ ਦੁਨੀਆ ਦੇ ਦੂਜੇ ਹਿੱਸਿਆਂ ਜਿੰਨੀ ਹੀ ਹੈ।
ਗੁੰਮਸ਼ੁਦਗੀਆਂ ਦੇ ਕਾਰਨਾਂ 'ਚ ਖਰਾਬ ਮੌਸਮ, ਤੇਜ਼ ਸਮੁੰਦਰੀ ਧਾਰਾਵਾਂ (ਗਲਫ ਸਟ੍ਰੀਮ), ਚੁੰਬਕੀ ਕੰਪਾਸ ਵਿੱਚ ਗੜਬੜੀ ਅਤੇ ਮਨੁੱਖੀ ਗਲਤੀਆਂ ਸ਼ਾਮਲ ਹਨ, ਨਾ ਕਿ ਕੋਈ ਅਲੌਕਿਕ ਰਹੱਸ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਸਲ ਰਹੱਸ ਹੁਣ ਹਵਾ 'ਚ ਜਾਂ ਸਮੁੰਦਰ 'ਚ ਨਹੀਂ, ਸਗੋਂ ਬਰਮੂਡਾ ਟਾਪੂ ਦੇ ਹੇਠਾਂ ਲੁਕੀ ਹੋਈ ਇਸ ਅਨੋਖੀ ਚੱਟਾਨ ਦੀ ਪਰਤ ਵਿੱਚ ਹੈ।
