ਬੀਜਿੰਗ ''ਚ ਸੰਘਣੀ ਧੁੰਦ ਤੇ ਹਵਾ ਪ੍ਰਦੂਸ਼ਣ! 215 ''ਤੇ ਪੁੱਦਾ AQI
Thursday, Dec 18, 2025 - 05:20 PM (IST)
ਬੀਜਿੰਗ (ਭਾਸ਼ਾ) : ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵੀਰਵਾਰ ਨੂੰ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਏਅਰ ਕੁਆਲਿਟੀ ਇੰਡੈਕਸ (AQI) ਵੱਧ ਕੇ 215 'ਤੇ ਪਹੁੰਚ ਗਿਆ। ਇਹ ਪੱਧਰ “ਬੇਹੱਦ ਅਸਿਹਤਮੰਦ” ਮੰਨਿਆ ਜਾਂਦਾ ਹੈ। ਬੀਜਿੰਗ 'ਚ ਕਈ ਸਾਲਾਂ ਤੱਕ ਹਵਾ ਸਾਫ਼ ਕਰਨ ਲਈ ਵਿਆਪਕ ਮੁਹਿੰਮ ਚਲਾਈ ਗਈ ਸੀ, ਜਿਸ ਤੋਂ ਬਾਅਦ ਪ੍ਰਦੂਸ਼ਣ ਦਾ ਇੰਨੀ ਤੇਜ਼ੀ ਨਾਲ ਵਧਣਾ ਦੁਰਲੱਭ ਮੰਨਿਆ ਜਾ ਰਿਹਾ ਹੈ। ਚੀਨ ਦੀ ਰਾਸ਼ਟਰੀ ਆਬਜ਼ਰਵੇਟਰੀ (National Observatory) ਨੇ ਬੁੱਧਵਾਰ ਨੂੰ ਭਾਰੀ ਧੁੰਦ ਫੈਲਣ ਦੇ ਅਨੁਮਾਨ ਦੇ ਚੱਲਦਿਆਂ 'ਯੈਲੋ ਅਲਰਟ' ਵੀ ਜਾਰੀ ਕੀਤਾ ਸੀ।
ਆਬਜ਼ਰਵੇਟਰੀ ਨੇ ਅਨੁਮਾਨ ਲਗਾਇਆ ਹੈ ਕਿ ਵੀਰਵਾਰ ਨੂੰ ਹੇਬੇਈ, ਬੀਜਿੰਗ, ਤਿਆਨਜਿਨ, ਹੇਨਾਨ, ਅਨਹੁਈ, ਜਿਆਂਗਸੂ, ਹੁਬੇਈ, ਸਿਚੁਆਨ ਬੇਸਿਨ ਅਤੇ ਚੋਂਗਕਿੰਗ ਸਮੇਤ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੀਜਿੰਗ ਵਿੱਚ ਹੁਣ ਪ੍ਰਦੂਸ਼ਿਤ ਹਵਾ ਦੀ ਗੁਣਵੱਤਾ ਦੇ ਨਾਲ ਧੁੰਦ ਘੱਟ ਹੀ ਦੇਖਣ ਨੂੰ ਮਿਲਦੀ ਹੈ, ਜਦੋਂ ਕਿ ਪਹਿਲਾਂ ਇੱਥੇ ਭਾਰੀ ਪ੍ਰਦੂਸ਼ਣ ਹੁੰਦਾ ਸੀ। ਸਰਕਾਰ ਨੇ 2016 ਵਿੱਚ ਪ੍ਰਦੂਸ਼ਣ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਸਨ, ਜਿਨ੍ਹਾਂ ਵਿੱਚ ਭਾਰੀ ਪ੍ਰਦੂਸ਼ਣ ਦਾ ਕਾਰਨ ਬਣਨ ਵਾਲੇ ਉਦਯੋਗਾਂ ਨੂੰ ਬੰਦ ਕਰਨਾ ਜਾਂ ਉਨ੍ਹਾਂ ਨੂੰ ਤਬਦੀਲ ਕਰਨਾ ਸ਼ਾਮਲ ਸੀ, ਜਿਸ 'ਤੇ ਅਰਬਾਂ ਡਾਲਰ ਖਰਚ ਕੀਤੇ ਗਏ ਸਨ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਰਦੀਆਂ ਦੌਰਾਨ ਕੋਲੇ ਨਾਲ ਚੱਲਣ ਵਾਲੀ ਪਬਲਿਕ ਹੀਟਿੰਗ ਪ੍ਰਣਾਲੀ ਦੀ ਥਾਂ ਕੁਦਰਤੀ ਗੈਸ ਜਾਂ ਬਿਜਲੀ ਨਾਲ ਚੱਲਣ ਵਾਲੀ ਹੀਟਿੰਗ ਪ੍ਰਣਾਲੀ ਅਪਣਾਈ ਗਈ। ਇਸ ਪ੍ਰਣਾਲੀ ਨੂੰ ਅਪਣਾਉਣ 'ਤੇ ਇੱਕ ਅਰਬ ਡਾਲਰ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਗਈ ਸੀ, ਜਿਸ ਨੇ ਪ੍ਰਦੂਸ਼ਣ ਦੇ ਪੱਧਰਾਂ ਨੂੰ ਘੱਟ ਕਰਨ ਵਿੱਚ ਮਦਦ ਕੀਤੀ ਸੀ।
