ਕੈਲੇਫੋਰਨੀਆ ਦੇ ਸੀਨੀਅਰ ਖਿਡਾਰੀਆਂ ਨੇ ਫਰਿਜ਼ਨੋ ਵਿਖੇ ਪੰਜਾਬੀ ਮੀਡੀਏ ਨੂੰ ਦਿੱਤਾ ਸਨਮਾਨ

Monday, Dec 08, 2025 - 09:28 AM (IST)

ਕੈਲੇਫੋਰਨੀਆ ਦੇ ਸੀਨੀਅਰ ਖਿਡਾਰੀਆਂ ਨੇ ਫਰਿਜ਼ਨੋ ਵਿਖੇ ਪੰਜਾਬੀ ਮੀਡੀਏ ਨੂੰ ਦਿੱਤਾ ਸਨਮਾਨ

ਫਰਿਜ਼ਨੋ, ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਕੈਲੇਫੋਰਨੀਆ ਦੇ ਪੰਜਾਬੀ ਸੀਨੀਅਰ ਅੰਤਰਰਾਸ਼ਟਰੀ ਖਿਡਾਰੀਆਂ ਵੱਲੋਂ ਸਥਾਨਕ ਅੰਤਰਰਾਸ਼ਟਰੀ ਖਿਡਾਰੀ ਗੁਰਬਖਸ਼ ਸਿੰਘ ਸਿੱਧੂ ਦੀ ਅਗਵਾਈ ਵਿੱਚ ਆਪਣੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਉਂਦੇ ਹੋਏ ਸਥਾਨਕ ਮੀਡੀਆ ਦੇ ਪ੍ਰੈਸ ਰਿਪੋਟਰਾਂ ਦੇ ਸਨਮਾਨ ਵਿੱਚ ਰਾਤਰੀ ਦੇ ਖਾਣੇ ਸਮੇਂ ਸਮੂਹ ਸੀਨੀਅਰ ਖਿਡਾਰੀਆਂ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਮੀਡੀਆ ਵੱਲੋਂ ਨੁਮਾਇੰਦਗੀ ਕਰਦੇ ਹੋਏ ਕੁਲਵੰਤ ਉੱਭੀ ਧਾਲੀਆਂ, ਨੀਟਾ ਮਾਛੀਕੇ, ਹੈਰੀ ਮਾਨ ਅਤੇ ਜਸਵੰਤ ਮਹਿੰਮੀ ਨੇ ਹਾਜ਼ਰੀ ਭਰਦੇ ਹੋਏ ਸਮੂਹ ਸੀਨੀਅਰ ਖਿਡਾਰੀਆਂ ਦੀਆਂ ਪ੍ਰਾਪਤੀਆਂ ਦੇਖਦੇ ਹੋਏ ਵਧਾਈ ਦਿੱਤੀ।

PunjabKesari

PunjabKesari

ਪ੍ਰੋਗਰਾਮ ਦੀ ਸ਼ੁਰੂਆਤ ਸੀਨੀਅਰ ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਕਹਿੰਦਿਆਂ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਪ੍ਰਾਪਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਸਥਾਨਕ ਮੀਡੀਆਂ ਬਹੁਤ ਵਧੀਆ ਕੰਮ ਕਰ ਰਿਹਾ ਹੈ, ਅਸੀਂ ਸਮੂਹ ਮੀਡੀਏ ਦੇ ਸੱਜਣਾਂ ਦਾ ਸਹਿਯੋਗ ਲਈ ਧੰਨਵਾਦ ਕਰਦੇ ਹਾਂ। ਇਸ ਉਪਰੰਤ ਪੱਤਰਕਾਰ ਨੀਟਾ ਮਾਛੀਕੇ ਨੇ ਸਮੂਹ ਖਿਡਾਰੀਆਂ ਅਤੇ ਐਥਲੀਟਾਂ ਦਾ ਮੀਡੀਏ ਨੂੰ ਮਾਣ-ਸਨਮਾਨ ਦੇਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਐਥਲੀਟ ਸਿੱਖ ਭਾਈਚਾਰੇ ਦੇ ਗਰੈਂਡ ਅੰਬੈਸਡਰ ਬਣ ਕੇ, ਦਸਤਾਰਾਂ ਸਜਾ ਕੇ ਪੂਰੀ ਦੁਨੀਆ ਵਿੱਚ ਸਿੱਖ ਪਹਿਚਾਣ ਤੋਂ ਜਾਣੂ ਕਰਵਾਉਣ ਲਈ ਬਹੁਤ ਵਧੀਆ ਕਾਰਜ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਐਥਲੀਟ ਵੱਖੋ ਵੱਖ ਐਥਲੀਟ ਮੀਟਾਂ ਵਿੱਚ ਆਪਣੇ ਖ਼ਰਚੇ ਤੇ ਪਹੁੰਚ ਕੇ ਆਪਣਾ ਜਨੂੰਨ ਬਰਕਰਾਰ ਰੱਖ ਰਹੇ ਹਨ। ਇਸੇ ਦੌਰਾਨ ਸਥਾਨਕ ਸੀਨੀਅਰ ਖਿਡਾਰੀਆਂ ਦੀਆਂ ਦੁਨੀਆ ਭਰ ਵਿੱਚ ਖੇਡਾਂ ਦੇ ਖੇਤਰ ਵਿੱਚ ਪ੍ਰਦਰਸ਼ਨ, ਪ੍ਰਾਪਤੀਆਂ ਅਤੇ ਪੰਜਾਬੀਅਤ ਦੀ ਪਹਿਚਾਣ ਬਣਾਉਣ ਬਾਰੇ ਵਿਚਾਰਾਂ ਹੋਈਆਂ। 

PunjabKesari

ਇਸ ਤੋਂ ਇਲਾਵਾ ਹਾਜ਼ਰੀਨ ਦੇ ਮੰਨੋਰੰਜਨ ਲਈ ਸਥਾਨਕ ਗਾਇਕਾਂ ਨੇ ਖੁੱਲਾ ਅਖਾੜਾ ਲਾਇਆ ਜਿਸ ਵਿੱਚ ਗਾਇਕ ਅਵਤਾਰ ਗਰੇਵਾਲ, ਕਮਲਜੀਤ ਬੈਨੀਪਾਲ, ਦਰਸ਼ਨ ਸਿੰਘ (ਮਨਟੀਕਾ) ਨੇ ਗੀਤਾਂ ਰਾਹੀਂ ਰੌਣਕਾਂ ਲਾਈਆਂ। ਜਦਕਿ ਦੁਗਾਣੇ ਦੀ ਹਿੱਟ ਜੋੜੀ ਪੱਪੀ ਭਦੌੜ ਅਤੇ ਦਿਲਪ੍ਰੀਤ ਵਰਮਾ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਮੁੱਚੇ ਅਮਰੀਕਾ ਹੀ ਨਹੀਂ ਬਲਕਿ ਸਗੋਂ ਇਹ ਸੀਨੀਅਰ ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਅਤੇ ਬਹੁਤ ਸਾਰੇ ਗੋਲਡ ਮੈਡਲ ਜਿੱਤਣ ਦਾ ਮਾਣ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਸੀਨੀਅਰ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਜਿੱਥੇ ਖੇਡ ਮੈਦਾਨਾਂ ਵਿੱਚ ਗੋਲਡ ਮੈਡਲ ਅਤੇ ਪਹਿਲੇ ਦਰਜੇ ਦੀ ਖੇਡ ਖੇਡਦੇ ਹੋਏ ਪੰਜਾਬੀਅਤ ਦਾ ਮਾਣ ਵਧਾਇਆ ਹੈ, ਉੱਥੇ ਖੇਡਾਂ ਦੇ ਨਾਲ-ਨਾਲ ਵਿਦੇਸ਼ਾਂ ਦੇ ਖੇਡ ਮੈਦਾਨ ਵਿੱਚ ਦਸਤਾਰਾਂ (ਪੱਗਾਂ) ਸਜਾ ਕੇ ਜਾਣ ਨਾਲ ਸਿੱਖ ਭਾਈਚਾਰੇ ਦੀ ਪਹਿਚਾਣ ਵੀ ਬਣਾਈ ਹੈ। 

PunjabKesari

ਇਸ ਸਮੇਂ ਪ੍ਰਮੁੱਖ ਹਾਜ਼ਰ ਸੀਨੀਅਰ ਅੰਤਰਰਾਸ਼ਟਰੀ ਖਿਡਾਰੀਆਂ ਵਿੱਚ ਗੁਰਬਖਸ਼ ਸਿੰਘ ਸਿੱਧੂ, ਸੁਖਚੈਨ ਸਿੰਘ, ਰਣਧੀਰ ਸਿੰਘ ਵਿਰਕ, ਅਮਰਜੀਤ ਸਿੰਘ ਵਿਰਕ, ਕੁਲਵੰਤ ਸਿੰਘ ਲੰਬਰ, ਕਮਲਜੀਤ ਸਿੰਘ ਬੈਨੀਪਾਲ, ਦਰਸ਼ਨ ਸਿੰਘ ਮਨਟੀਕਾ, ਪਵਿੱਤਰ ਸਿੰਘ ਕਲੇਰ, ਅਮਰੀਕ ਸਿੰਘ ਤੂੰਮਰ ਅਤੇ ਹੋਰ ਬਹੁਤ ਸਾਰੇ ਨਵੇਂ ਸੱਜਣ ਜੋ ਇਸ ਖੇਤਰ ਵੱਲ ਆਪਣਾ ਪੈਰ ਵਧਾ ਰਹੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਸੀਨੀਅਰ ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਐਕਟਰ ਧਰਮਿੰਦਰ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਫਿਲਮੀ ਸਫ਼ਰ ਤੇ ਪੰਛੀ ਝਾਤ ਪਵਾਈ। ਅਖੀਰ ਆਪਸੀ ਵਿਚਾਰਾਂ ਅਤੇ ਪ੍ਰਾਪਤੀਆਂ ਦੀ ਸਾਂਝ ਪਾਉਦੇ ਹੋਏ ਰਾਤਰੀ ਦੇ ਭੋਜਨ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।


author

Sandeep Kumar

Content Editor

Related News