ਫੌਜ ਮੁਖੀ ਖਿਲਾਫ ''ਹੋਛੀ ਮੁਹਿੰਮ'' ਚਲਾ ਰਹੇ ਹਨ ਇਮਰਾਨ ਖ਼ਾਨ : ਸ਼ਹਿਬਾਜ਼ ਸ਼ਰੀਫ
Monday, Jul 10, 2023 - 03:30 PM (IST)

ਇਸਲਾਮਾਬਾਦ (ਭਾਸ਼ਾ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਖਿਲਾਫ ‘ਹੋਛੀ ਮੁਹਿੰਮ’ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਸ਼ਹਿਬਾਜ਼ ਨੇ ਇਕ ਟਵੀਟ ’ਚ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖਾਨ ਘਟੀਆ ਤਰੀਕੇ ਨਾਲ ਫੌਜ ਮੁਖੀ ਨੂੰ ਨਿਸ਼ਾਨਾ ਬਣਾ ਰਹੇ ਹਨ। ਇਮਰਾਨ ਖਾਨ ਜਨਰਲ ਸਯਦ ਅਸੀਮ ਮੁਨੀਰ ਖ਼ਿਲਾਫ਼ ‘ਹੋਛੀ ਮੁਹਿੰਮ’ ਚਲਾ ਰਹੇ ਹਨ। ਫੌਜ ਮੁਖੀ ਨੂੰ ਘਟੀਆ ਤਰੀਕੇ ਨਾਲ ਕਤਲ ਦੀ ਕੋਸ਼ਿਸ਼ ਦੀ ਧਮਕੀ ਦੇਣ ਦੀ ਉਨ੍ਹਾਂ ਦੀ ਚਾਲ ਉਜਾਗਰ ਹੋ ਗਈ ਹੈ।
ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਖਾਨ ਸੱਤਾ ਵਿੱਚ ਵਾਪਸ ਆਉਣ ਲਈ ਬਲੈਕਮੇਲ ਕਰਨ ਦੀਆਂ ਚਾਲਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਤੀਕਾਂ ’ਤੇ ਵਿਵਸਥਿਤ ਤੌਰ ’ਤੇ ਹਮਲੇ ਦੇ ਨਾਕਾਮ ਹੋਣ ਤੋਂ ਬਾਅਦ ਖਾਨ ਮਾਯੂਸ ਹਨ ਅਤੇ ਘਟੀਆ ਹਥਕੰਡਿਆਂ ਦਾ ਸਹਾਰਾ ਲੈ ਕੇ ਸੱਤਾ ’ਚ ਵਾਪਸ ਆਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਡਰਾਉਣ-ਧਮਕਾਉਣ, ਹਿੰਸਾ ਅਤੇ ਨਫਰਤ ਦੀ ਉਨ੍ਹਾਂ ਦੀ ਸਿਆਸਤ ਦਾ ਸਮਾਂ ਹੁਣ ਖ਼ਤਮ ਹੋ ਚੁੱਕਿਆ ਹੈ। ਸ਼ਰੀਫ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਬਹੁਤ ਹੀ ਨਿੰਦਣਯੋਗ ਕਾਰਵਾਈਆਂ ਰਾਹੀਂ ਆਪਣੇ ਆਪ ਨੂੰ ਬੇਨਕਾਬ ਕਰ ਰਹੇ ਹਨ। ਪਾਕਿਸਤਾਨ ਦੇ ਲੋਕ ਅਤੇ ਸਿਆਸੀ ਪਾਰਟੀਆਂ ਆਪਣੇ ਫੌਜ ਮੁਖੀ ਅਤੇ ਹਥਿਆਰਬੰਦ ਫੋਰਸਾਂ ਦੇ ਪਿੱਛੇ ਚਟਾਨ ਵਾਂਗ ਖੜ੍ਹੇ ਹਨ ਅਤੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰ ਦੇਣਗੇ।