ਯੂਕ੍ਰੇਨ ਦੇ ਖੇਰਸਨ ਇਲਾਕੇ ''ਚ ਹੋਏ ਹਮਲੇ ''ਚ 23 ਦਿਨਾਂ ਦੀ ਨਵਜਨਮੀ ਬੱਚੀ ਸਮੇਤ 7 ਲੋਕਾਂ ਦੀ ਮੌਤ
Monday, Aug 14, 2023 - 02:03 PM (IST)

ਕੀਵ (ਭਾਸ਼ਾ) : ਯੂਕ੍ਰੇਨ ਦੇ ਦੱਖਣੀ ਖੇਰਸਨ ਖੇਤਰ ਵਿਚ ਐਤਵਾਰ ਨੂੰ ਰੂਸ ਵੱਲੋਂ ਕੀਤੀ ਗਈ ਤਾਜ਼ਾ ਗੋਲੀਬਾਰੀ ‘ਚ 23 ਦਿਨਾਂ ਦੀ ਬੱਚੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਯੂਕ੍ਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਨੀਪਰ ਨਦੀ ਦੇ ਕੰਢੇ ਸਥਿਤ ਪਿੰਡ ਸ਼ਿਰੋਕਾ ਬਾਲਕਾ 'ਤੇ ਰੂਸੀ ਪਾਸਿਓਂ ਗੋਲਾਬਾਰੀ ਕੀਤੀ ਗਈ, ਜਿਸ 'ਚ ਇੱਕੋ ਪਰਿਵਾਰ ਦੇ 4 ਲੋਕਾਂ ਸਮੇਤ 5 ਦੀ ਮੌਤ ਹੋ ਗਈ। ਮੰਤਰਾਲਾ ਨੇ ਦੱਸਿਆ ਕਿ ਮਾਰੇ ਗਏ ਪਰਿਵਾਰ ਵਿੱਚ ਪਤੀ, ਪਤਨੀ, ਇੱਕ 12 ਸਾਲ ਦਾ ਲੜਕਾ ਅਤੇ ਇੱਕ 23 ਦਿਨਾਂ ਦੀ ਬੱਚੀ ਸ਼ਾਮਲ ਹੈ।
ਮੰਤਰਾਲਾ ਨੇ ਕਿਹਾ ਕਿ ਗੁਆਂਢੀ ਸਟੈਨਿਸਲਾਵ ਪਿੰਚ ਵਿੱਚ ਰੂਸ ਵੱਲੋਂ ਕੀਤੇ ਗਏ ਹਮਲੇ ਵਿੱਚ 2 ਵਿਅਕਤੀਆਂ ਦੀ ਮੌਦ ਹੋ ਗਈ ਅਤੇ ਇੱਕ ਔਰਤ ਜ਼ਖ਼ਮੀ ਹੋ ਗਈ। ਖੇਰਸਨ ਦੇ ਖੇਤਰੀ ਗਵਰਨਰ ਓਲੇਕਸੈਂਡਰ ਪ੍ਰੋਕੁਡਿਨ ਨੇ ਐਤਵਾਰ ਨੂੰ ਕਿਹਾ ਕਿ ਰੂਸ ਵੱਲੋਂ ਸ਼ਨੀਵਾਰ ਨੂੰ ਪ੍ਰਾਂਤ 'ਤੇ ਕੀਤੇ ਗਏ ਹਮਲੇ 'ਚ 3 ਲੋਕ ਜ਼ਖ਼ਮੀ ਹੋ ਗਏ। ਯੂਕ੍ਰੇਨੀ ਫੌਜ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਫੌਜ ਨੇ ਦੱਖਣ ਵਿੱਚ ਕੁਝ ਤਰੱਕੀ ਕੀਤੀ ਹੈ ਅਤੇ ਜ਼ਪੋਰੀਝਜ਼ਿਆ ਖੇਤਰ ਦੇ ਇੱਕ ਪ੍ਰਮੁੱਖ ਪਿੰਡ ਦੇ ਨੇੜੇ ਕੁਝ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਹੋਰ ਅਣਦੱਸੇ ਖੇਤਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।