ਅਮਰੀਕੀ ਸੈਨੇਟ ਨੇ ਯੂਕ੍ਰੇਨ ਨੂੰ ਸਹਾਇਤਾ ਦੇਣ ਦੇ ਪ੍ਰਸਤਾਵ ਨੂੰ ਦਿੱਤੀ ਅੰਤਿਮ ਮਨਜ਼ੂਰੀ
Saturday, Mar 12, 2022 - 01:55 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਕਾਂਗਰਸ ਨੇ ਯੁੱਧ ਪ੍ਰਭਾਵਿਤ ਯੂਕ੍ਰੇਨ ਅਤੇ ਉਸ ਦੇ ਯੂਰਪੀ ਸਹਿਯੋਗੀਆਂ ਲਈ 13.6 ਅਰਬ ਡਾਲਰ ਦੀ ਫੌਜੀ ਅਤੇ ਮਨੁੱਖੀ ਐਮਰਜੈਂਸੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂਕ੍ਰੇਨ 'ਤੇ ਰੂਸ ਦੇ ਹਮਲੇ 'ਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 20 ਲੱਖ ਤੋਂ ਵੱਧ ਲੋਕਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਹੈ। ਸੈਨੇਟ ਨੇ ਵੀਰਵਾਰ ਦੇਰ ਰਾਤ ਕੁੱਲ 1.5 ਲੱਖ ਕਰੋੜ ਅਮਰੀਕੀ ਡਾਲਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।
ਪ੍ਰਸਤਾਵ ਦੇ ਪੱਖ 'ਚ 68 ਅਤੇ ਵਿਰੋਧ 'ਚ 31 ਵੋਟਾਂ ਪਈਆਂ। ਸੀਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਵੋਟਿੰਗ ਤੋਂ ਥੋੜ੍ਹੀ ਦੇਰ ਪਹਿਲਾਂ ਕਿਹਾ, 'ਅਸੀਂ ਯੂਕ੍ਰੇਨ ਦੇ ਲੋਕਾਂ ਨਾਲ ਵਾਅਦਾ ਕਰਦੇ ਹਾਂ ਕਿ ਉਨ੍ਹਾਂ ਨੂੰ ਪੁਤਿਨ ਦੇ ਖ਼ਿਲਾਫ਼ ਲੜਾਈ ਵਿਚ ਇਕੱਲੇ ਨਹੀਂ ਛੱਡਿਆ ਜਾਵੇਗਾ ਅਤੇ ਥੋੜ੍ਹੇ ਸਮੇਂ ਵਿਚ ਜਦੋਂ ਅਸੀਂ ਇਹ ਮਤਾ ਪਾਸ ਕਰ ਦੇਵਾਂਗੇ, ਤਾਂ ਇਹ ਵਾਅਦਾ ਪੂਰਾ ਹੋ ਜਾਵੇਗਾ।' ਸਦਨ ਨੇ ਬੁੱਧਵਾਰ ਨੂੰ ਇਸ ਬਿੱਲ ਨੂੰ ਆਸਾਨੀ ਨਾਲ ਪਾਸ ਕਰ ਦਿੱਤਾ ਸੀ, ਪਰ ਵੀਰਵਾਰ ਰਾਤ ਇਸ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਗਈ। ਇਸ 'ਤੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਦਸਤਖ਼ਤ ਹੋਣੇ ਹਨ।