ਸਕੌਟ ਮੌਰੀਸਨ ਸਣੇ ਕਈ ਦੇਸ਼ਾਂ ਦੇ ਆਗੂਆਂ ਨੇ ਜੋਅ ਬਾਈਡੇਨ ਨੂੰ ਰਾਸ਼ਟਰਪਤੀ ਬਣਨ ''ਤੇ ਦਿੱਤੀ ਵਧਾਈ

Thursday, Jan 21, 2021 - 06:05 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੰਯੁਕਤ ਰਾਜ ਅਮਰੀਕਾ ਦੇ ਬਣੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਵਧਾਈ ਸੰਦੇਸ਼ ਭੇਜਿਆ। ਮੌਰੀਸਨ ਨੇ ਟਵੀਟ ਕਰ ਕੇ ਰਾਸ਼ਟਰਪਤੀ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵਧਾਈ ਦਿੱਤੀ।ਆਪਣੇ ਟਵੀਟ ਵਿਚ ਮੌਰੀਸਨ ਨੇ ਲਿਖਿਆ,“ਭਾਵੇਂ ਆਸਟ੍ਰੇਲੀਆ-ਯੂਐਸ ਗਠਜੋੜ ਕਦੇ ਵੀ ਜ਼ਿਆਦਾ ਮਹੱਤਵਪੂਰਨ ਨਹੀਂ ਰਿਹਾ ਪਰ ਮੈਂ ਤੁਹਾਡੇ ਦਫਤਰ ਵਿਚ ਤੁਹਾਡੇ ਲਈ ਹਰ ਸਫਲਤਾ ਦੀ ਕਾਮਨਾ ਕਰਦਾ ਹਾਂ ਅਤੇ ਤੁਹਾਡੇ ਨਵੇਂ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।"

 

ਮੌਰੀਸਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸਣੇ ਵਿਸ਼ਵ ਦੇ ਹੋਰ ਨੇਤਾਵਾਂ ਨੇ ਬਾਈਡੇਨ ਅਤੇ ਅਮਰੀਕਾ ਦੇ ਪੈਰਿਸ ਸਮਝੌਤੇ ਵਿਚ ਵਾਪਸ ਪਰਤਣ ਦਾ ਸਵਾਗਤ ਕੀਤਾ। ਮੈਕਰੋਨ ਨੇ ਟਵੀਟ ਕੀਤਾ,“ਅਸੀਂ ਆਪਣੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤ ਹੋਵਾਂਗੇ। ਸਾਡੇ ਭਵਿੱਖ ਦੇ ਨਿਰਮਾਣ ਲਈ ਮਜ਼ਬੂਤ। ਸਾਡੇ ਗ੍ਰਹਿ ਦੀ ਰੱਖਿਆ ਲਈ ਮਜ਼ਬੂਤ। ਪੈਰਿਸ ਸਮਝੌਤੇ ਵਿਚ ਤੁਹਾਡਾ ਵਾਪਸ ਸਵਾਗਤ ਹੈ।'' 

 

ਉਨ੍ਹਾਂ ਨੇ ਕਿਹਾ,“ਮੌਸਮ ਵਿਚ ਤਬਦੀਲੀ ਤੋਂ ਲੈ ਕੇ ਕੋਵਿਡ ਤੱਕ ਦੇ ਮੁੱਦਿਆਂ ‘ਤੇ ਅਮਰੀਕਾ ਦੀ ਅਗਵਾਈ ਮਹੱਤਵਪੂਰਨ ਹੈ ਅਤੇ ਮੈਂ ਰਾਸ਼ਟਰਪਤੀ ਬਾਈਡੇਨ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।”

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬਾਈਡੇਨ ਨੂੰ ਆਪਣੀਆਂ ਵਧਾਈਆਂ ਜਾਰੀ ਕੀਤੀਆਂ।ਉਨ੍ਹਾਂ ਨੇ ਕਿਹਾ,“ਸਾਡੇ ਇਤਿਹਾਸ ਵਿਚ ਜਿਹੜੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਉਨ੍ਹਾਂ ਨਾਲ ਨਜਿੱਠਣ ਲਈ ਕੈਨੇਡਾ ਅਤੇ ਅਮਰੀਕਾ ਨੇ ਨਾਲ-ਨਾਲ ਕੰਮ ਕੀਤਾ ਹੈ। ਅਸੀਂ ਇਸ ਹਿੱਸੇਦਾਰੀ ਨੂੰ ਜਾਰੀ ਰੱਖਾਂਗੇ ਕਿਉਂਕਿ ਅਸੀਂ ਵਿਸ਼ਵਵਿਆਪੀ ਕੋਵਿਡ-19 ਮਹਾਮਾਰੀ ਨਾਲ ਲੜਾਈ ਲੜ ਰਹੇ ਹਾਂ ਅਤੇ ਇੱਕ ਸਥਿਰ ਆਰਥਿਕ ਬਹਾਲੀ ਦਾ ਸਮਰਥਨ ਕਰਦੇ ਹਾਂ ਜੋ ਹਰ ਕਿਸੇ ਲਈ ਬਿਹਤਰ ਢਾਂਚੇ ਦਾ ਵਿਕਾਸ ਕਰੇਗੀ।”

 

ਟਰੂਡੇ ਨੇ ਕਿਹਾ,"ਮੈਂ ਰਾਸ਼ਟਰਪਤੀ ਬਾਈਡੇਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਉਨ੍ਹਾਂ ਦੇ ਪ੍ਰਸ਼ਾਸਨ ਅਤੇ ਯੂਨਾਈਟਿਡ ਸਟੇਟ ਕਾਂਗਰਸ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ ਕਿਉਂਕਿ ਅਸੀਂ ਆਪਣੇ ਦੇਸ਼ਾਂ ਨੂੰ ਵਧੇਰੇ ਸੁਰੱਖਿਅਤ, ਵਧੇਰੇ ਖੁਸ਼ਹਾਲ ਅਤੇ ਵਧੇਰੇ ਲਚਕੀਲਾ ਬਣਾਉਣ ਲਈ ਯਤਨਸ਼ੀਲ ਹਾਂ।"

ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਵੀ ਟਵੀਟ ਕਰ ਕੇ ਬਾਈਡੇਨ ਨੂੰ ਵਧਾਈ ਸੰਦੇਸ਼ ਭੇਜਿਆ।ਉਨ੍ਹਾਂ ਨੇ ਟਵੀਟ ਕੀਤਾ,“ਮੈਂ ਸੰਯੁਕਤ ਰਾਜ ਦੇ 46ਵੇਂ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਵਧਾਈ ਦਿੰਦਾ ਹਾਂ। ਬ੍ਰਾਜ਼ੀਲ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿਚਕਾਰ ਸਬੰਧ ਪੁਰਾਣੇ, ਠੋਸ ਅਤੇ ਉੱਚ ਕਦਰਾਂ ਕੀਮਤਾਂ 'ਤੇ ਸਥਾਪਿਤ ਹਨ, ਜਿਵੇਂ ਕਿ ਲੋਕਤੰਤਰ ਦੀ ਰੱਖਿਆ ਅਤੇ ਵਿਅਕਤੀਗਤ ਅਜ਼ਾਦੀ।"

 

ਜਰਮਨ ਦੀ ਚਾਂਸਲਰ ਐਂਜੇਲਾ ਮਰਕੇਲ ਨੇ ਇਕ ਬਿਆਨ ਵਿਚ ਉਨ੍ਹਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ,“ਮੈਂ ਜਰਮਨ-ਅਮਰੀਕੀ ਦੋਸਤੀ ਅਤੇ ਸਹਿਯੋਗ ਦੇ ਨਵੇਂ ਅਧਿਆਏ ਦੀ ਉਡੀਕ ਕਰ ਰਹੀ ਹਾਂ।''ਜਰਮਨੀ ਦੇ ਵਿਦੇਸ਼ ਮੰਤਰੀ ਹਾਇਕੋ ਮਾਸ ਨੇ ਕਿਹਾ ਕਿ ਬਾਈਡੇਨ ਨੂੰ ਰਾਸ਼ਟਰਪਤੀ ਬਣਦੇ ਦੇਖ ਕੇ ਉਹ ਬਹੁਤ ਖੁਸ਼ ਹਨ।ਉਹਨਾਂ ਮੁਤਾਬਕ,"ਪਿਛਲੇ ਚਾਰ ਸਾਲਾਂ ਵਿਚ ਅਸੀਂ ਦੇਖਿਆ ਕਿ 'ਅਮਰੀਕਾ ਫਸਟ' ਦਾ ਕੀ ਅਰਥ ਸੀ: ਕੋਈ ਤਾਲਮੇਲ ਨਹੀਂ, ਕੋਈ ਸਲਾਹ-ਮਸ਼ਵਰਾ ਨਹੀਂ। ਇਸ ਸਮੇਂ ਦੇ ਸੰਕਟ ਤੇ ਵੱਡੀਆਂ ਚੁਣੌਤੀਆਂ ਦਾ ਦੁਬਾਰਾ ਪ੍ਰਬੰਧਨ ਕਰਨ ਲਈ ਸਾਨੂੰ ਸੰਯੁਕਤ ਰਾਜ ਦੀ ਜ਼ਰੂਰਤ ਹੈ।”

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News