ਸਕਾਟਲੈਂਡ : ਸਮਾਗਮ ਦੌਰਾਨ ਵੈੱਬਸਾਈਟ ਤੇ ਗ਼ਜ਼ਲ ਸੰਗ੍ਰਹਿ ਲੋਕ-ਅਰਪਣ

Saturday, Oct 23, 2021 - 07:22 PM (IST)

ਸਕਾਟਲੈਂਡ : ਸਮਾਗਮ ਦੌਰਾਨ ਵੈੱਬਸਾਈਟ ਤੇ ਗ਼ਜ਼ਲ ਸੰਗ੍ਰਹਿ ਲੋਕ-ਅਰਪਣ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ ਦੇ ਰਾਮਗੜ੍ਹੀਆ ਹਾਲ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸਕਾਟਲੈਂਡ ਦੇ ਉੱਘੇ ਗਾਇਕ ਕਲਾਕਾਰ, ਗੀਤਕਾਰ ਤੇ ਪੇਸ਼ਕਾਰ ਕਰਮਜੀਤ ਮੀਨੀਆਂ ਦੀ ਵੈੱਬਸਾਈਟ ਨੂੰ ਲੋਕ-ਅਰਪਣ ਕੀਤਾ ਗਿਆ। ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਦੇ ਪ੍ਰਧਾਨ ਭੁਪਿੰਦਰ ਸਿੰਘ ਬਰਮੀ ਨੇ ਆਪਣੇ ਹੱਥਾਂ ਦੀ ਛੋਹ ਨਾਲ ਵੈੱਬਸਾਈਟ ਨੂੰ ਲੋਕ-ਅਰਪਣ ਕਰਨ ਦੀ ਰਸਮ ਅਦਾ ਕੀਤੀ। ਇਸ ਦੇ ਨਾਲ-ਨਾਲ ਬੈਲਜੀਅਮ ਵਸਦੀ ਸ਼ਾਇਰਾ ਜੀਤ ਸੁਰਜੀਤ ਦਾ ਗ਼ਜ਼ਲ-ਸੰਗ੍ਰਹਿ ‘ਕਾਗਜ਼ੀ ਕਿਰਦਾਰ’ ਮੀਤ ਪ੍ਰਧਾਨ ਜਸਵੀਰ ਸਿੰਘ ਜੱਸੀ ਬਮਰਾਹ, ਸ਼ਾਇਰ ਅਮਨਦੀਪ ਸਿੰਘ ਅਮਨ, ਸਰਦਾਰਾ ਸਿੰਘ ਜੰਡੂ, ਪਰਮਿੰਦਰ ਸਿੰਘ ਬਮਰਾਹ, ਭਾਈ ਅਰਵਿੰਦਰ ਸਿੰਘ, ਭਾਈ ਤੇਜਵੰਤ ਸਿੰਘ, ਮਹਿੰਦਰ ਸਿੰਘ ਮਦਾਰਪੁਰਾ, ਰੋਜੀ ਬਮਰਾਹ, ਨਿਰਮਲ ਗਿੱਲ, ਅੰਮ੍ਰਿਤਪਾਲ ਕੌਰ, ਨੀਲਮ ਖੁਰਮੀ ਤੇ ਜਸਪਾਲ ਸੋਂਦ ਬਮਰਾਹ ਆਦਿ ਵੱਲੋਂ ਲੋਕ-ਅਰਪਣ ਕੀਤਾ ਗਿਆ।

ਇਸ ਸਮੇਂ ਆਪਣੇ ਸੰਬੋਧਨ ਦੌਰਾਨ ਜਸਵੀਰ ਸਿੰਘ ਜੱਸੀ ਬਮਰਾਹ ਵੱਲੋਂ ਗਾਇਕ ਕਰਮਜੀਤ ਮੀਨੀਆਂ ਦੀ ਵੈੱਬਸਾਈਟ ਦੇ ਲੋਕ-ਅਰਪਣ ਤੇ ਸ਼ਾਇਰੀ ਜੀਤ ਸੁਰਜੀਤ ਦੀ ਪੁਸਤਕ ਦੇ ਲੋਕ-ਅਰਪਣ ਹੋਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ ’ਤੇ ਸਾਹਿਤ ਤੇ ਸੱਭਿਆਚਾਰ ਦੀ ਸੇਵਾ ’ਚ ਰੁੱਝੇ ਕਾਮੇ ਸਦਾ ਹੀ ਮਾਣਯੋਗ ਹਨ। ਉਨ੍ਹਾਂ ਕਿਹਾ ਕਿ ਕਰਮਜੀਤ ਮੀਨੀਆਂ ਗਾਇਕੀ ਅਤੇ ਰੇਡੀਓ ਪੇਸ਼ਕਾਰੀ ਰਾਹੀਂ ਉਦਾਸ ਚਿਹਰਿਆਂ ’ਤੇ ਮੁਸਕਾਨ ਲਿਆਉਣ ਦਾ ਵਡੇਰਾ ਕਾਰਜ ਕਰਦੇ ਰਹਿਣ ਲਈ ਵਧਾਈ ਦਾ ਪਾਤਰ ਹੈ। ਸ਼ਾਇਰ ਅਮਨਦੀਪ ਸਿੰਘ ਅਮਨ ਨੇ ‘ਕਾਗਜ਼ੀ ਕਿਰਦਾਰ’ ਗ਼ਜ਼ਲ ਸੰਗ੍ਰਹਿ ਦੀ ਆਮਦ ’ਤੇ ਸ਼ਾਇਰਾ ਜੀਤ ਸੁਰਜੀਤ ਨੂੰ ਹਾਰਦਿਕ ਵਧਾਈ ਪੇਸ਼ ਕੀਤੀ।
 


author

Manoj

Content Editor

Related News