ਹੱਜ ਯਾਤਰਾ ਲਈ ''ਰਜਿਸਟ੍ਰੇਸ਼ਨ'' ਸ਼ੁਰੂ, ਪੈਕੇਜ ਸੰਬੰਧੀ ਜਾਰੀ ਕੀਤੇ ਗਏ ਇਹ ਨਿਯਮ
Monday, Jun 14, 2021 - 07:30 PM (IST)
ਰਿਆਦ (ਬਿਊਰੋ): ਸਾਊਦੀ ਅਰਬ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿਰਫ ਦੇਸ਼ ਦੇ ਨਾਗਰਿਕਾਂ ਨੂੰ ਹੀ ਹੱਜ ਕਰਨ ਦੀ ਇਜਾਜ਼ਤ ਦਿੱਤੀ ਹੈ।ਇਸ ਸਾਲ ਹੱਜ ਯਾਤਰਾ ਲਈ ਤਿੰਨ ਪੈਕੇਜਾਂ ਨੂੰ ਮਨਜ਼ੂਰ ਕੀਤਾ ਗਆ ਹੈ। ਲੋਕ ਹੱਜ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਔਰਤਾਂ ਵੀ ਬਿਨਾਂ ਮੇਹਰਾਮ ਮਤਲਬ ਪੁਰਸ਼ ਯਾਤਰੀ ਦੇ ਬਿਨਾਂ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ।
23 ਜੂਨ ਤੱਕ ਹੋਵੇਗੀ ਰਜਿਸਟ੍ਰੇਸ਼ਨ
ਅਰਬ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਸਾਲ ਦੇ ਹੱਜ ਲਈ ਰਜਿਸਟ੍ਰੇਸ਼ਨ ਦਾ ਕੰਮ ਐਤਵਾਰ ਦੁਪਹਿਰ ਤੋਂ ਸ਼ੁਰੂ ਹੋ ਗਿਆ। ਸਾਊਦੀ ਅਰਬ ਸਰਕਾਰ ਪਹਿਲਾਂ ਹੀ ਸਾਫ ਕਰ ਚੁੱਕੀ ਹੈ ਕਿ ਇਸ ਸਾਲ ਵੀ 2020 ਦੀ ਤਰ੍ਹਾਂ ਸਿਰਫ ਸਾਊਦੀ ਅਰਬ ਦੇ ਨਾਗਰਿਕ ਹੀ ਹੱਜ ਕਰ ਸਕਣਗੇ। ਇਹ ਰਜਿਸਟ੍ਰੇਸ਼ਨ 23 ਜੂਨ ਨੂੰ ਰਾਤ 10 ਵਜੇ ਤੱਕ ਜਾਰੀ ਰਹੇਗੀ। ਪਹਿਲਾਂ ਅਰਜ਼ੀ ਦੇਣ ਵਾਲਿਆਂ ਲਈ ਕੋਈ ਤਰਜੀਹ ਨਹੀਂ ਹੈ। ਤਿੰਨ ਪੈਕੇਜਾਂ ਲਈ ਕੀਮਤ 16,560.50 ਸਾਊਦੀ ਰਿਆਲ (ਕਰੀਬ ਸਵਾ 3 ਲੱਖ ਰੁਪਏ), 14,381.95 ਸਾਊਦੀ ਰਿਆਲ (2.80 ਲੱਖ ਰੁਪਏ) ਅਤੇ 12,113.95 ਸਾਊਦੀ ਰਿਆਲ (2.36 ਲੱਖ ਰੁਪਏ) ਰੱਖੀ ਗਈ ਹੈ। ਇਹਨਾਂ 'ਤੇ ਵੈਟ (ਵੈਲਿਊ ਐਡਿਡ ਟੈਕਸ) ਵੱਖ ਤੋਂ ਸ਼ਾਮਲ ਕੀਤਾ ਜਾਵੇਗਾ।
ਬਾਹਰੋਂ ਖਾਣਾ ਲਿਆਉਣ ਦੀ ਇਜਾਜ਼ਤ ਨਹੀਂ
ਹੱਜ ਅਤੇ ਉਮਰਾ ਮੰਤਰਾਲੇ ਦੀ ਵੈਬਸਾਈਟ ਮੁਤਾਬਕ ਲੋਕਾਂ ਨੂੰ ਬੱਸਾਂ ਵਿਚ ਪਵਿੱਤਰ ਸਥਾਨ ਤੱਕ ਲਿਜਾਇਆ ਜਾਵੇਗਾ। ਹਰੇਕ ਗੱਡੀ ਵਿਚ ਵੱਧ ਤੋਂ ਵੱਧ 20 ਯਾਤਰੀ ਹੀ ਹੋਣਗੇ। ਹੱਜ ਯਾਤਰੀਆਂ ਨੂੰ ਮੀਨਾ ਵਿਚ ਤਿੰਨ ਸਮੇਂ ਦਾ ਖਾਣਾ ਅਤੇ ਅਰਾਫਾਤ ਵਿਚ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਦਿੱਤਾ ਜਾਵੇਗਾ। ਮੁਜਾਦਲਿਫਾ ਵਿਚ ਰਾਤ ਦਾ ਭੋਜਨ ਦਿੱਤਾ ਜਾਵੇਗਾ। ਮੱਕਾ ਦੇ ਬਾਹਰ ਤੋਂ ਯਾਤਰੀਆਂ ਨੂੰ ਖਾਣਾ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਕ ਵਾਰ ਅਰਜ਼ੀ ਸਵੀਕਾਰ ਹੋ ਜਾਣ ਮਗਰੋਂ ਬਿਨੈਕਾਰ ਨੂੰ ਅੱਗੇ ਦੀ ਪੁੱਛਗਿੱਛ ਲਈ ਰਜਿਸਟ੍ਰੇਸ਼ਨ ਨੰਬਰ ਦਿੱਤਾ ਜਾਵੇਗਾ। ਬਿਨੈਕਾਰ ਦੇ ਕੋਵਿਡ-19 ਸਟੇਟਸ ਨੂੰ ਯਕੀਨੀ ਕਰਨ ਲਈ ਉਸ ਨੂੰ ਭੁਗਤਾਨ ਵੇਰਵੇ ਦੇ ਨਾਲ ਮੈਸੇਜ ਭੇਜਿਆ ਜਾਵੇਗਾ। ਮੰਤਰਾਲੇ ਵੱਲੋਂ ਇਹ ਵੀ ਸਾਫ ਕੀਤਾ ਗਿਆ ਹੈ ਕਿ ਹੱਜ ਲਈ ਰਜਿਸਟ੍ਰੇਸ਼ਨ ਦਾ ਇਹ ਮਤਲਬ ਨਹੀਂ ਕਿ ਹੱਜ ਯਾਤਰਾ ਦੀ ਇਜਾਜ਼ਤ ਮਿਲ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਵਿਦਿਆਰਥੀਆਂ ਲਈ ਵੱਡੀ ਖ਼ਬਰ, ਅਮਰੀਕਾ ਨੇ ਖ਼ਤਮ ਕੀਤੀ 'ਟੀਕਾ ਸਰਟੀਫਿਕੇਟ' ਦੀ ਸ਼ਰਤ
ਮੰਤਰਾਲੇ ਨੂੰ ਅਰਜ਼ੀ ਰੱਦ ਕਰਨ ਦਾ ਅਧਿਕਾਰ
ਮੰਤਰਾਲੇ ਨੇ ਕਿਹਾ ਕਿ ਹੱਜ ਪਰਮਿਟ ਉਦੋਂ ਜਾਰੀ ਕੀਤਾ ਜਾਵੇਗਾ ਜਦੋ ਕੋਈ ਅਰਜ਼ੀ ਸਾਰੀਆਂ ਸਿਹਤ ਸੰਬੰਧੀ ਲੋੜਾਂ ਅਤੇ ਹੋਰ ਨਿਯਮਾਂ ਨੂੰ ਪੂਰਾ ਕਰਦੀ ਹੋਵੇਗੀ। ਜੇਕਰ ਕਿਤੇ ਕਈ ਉਲੰਘਣਾ ਪਾਈ ਜਾਂਦੀ ਹੈ ਤਾਂ ਮੰਤਰਾਲੇ ਕੋਲ ਕਿਸੇ ਵੀ ਸਮੇਂ ਅਰਜ਼ੀ ਨੂੰ ਰੱਦ ਕਰਨ ਦਾ ਅਧਿਕਾਰ ਹੈ।'' ਹੱਜ ਲਈ ਅਰਜ਼ੀ ਦੇਣ ਤੋਂ ਪਹਿਲਾ ਬਿਨੈਕਾਰ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਉਸ ਨੇ ਬੀਤੇ 5 ਸਾਲ ਵਿਚ ਹੱਜ ਯਾਤਰਾ ਨਹੀਂ ਕੀਤੀ ਹੈ। ਇਸ ਦੇ ਇਲਾਵਾ ਉਸ ਨੂੰ ਕੋਈ ਗੰਭੀਰ ਬੀਮਾਰੀ ਨਹੀਂ ਹੈ ਅਤੇ ਨਾ ਹੀ ਉਹ ਕੋਵਿਡ-19 ਨਾਲ ਪੀੜਤ ਹੈ।
ਸ਼ਨੀਵਾਰ ਨੂੰ ਸਾਊਦੀ ਅਰਬ ਸਰਕਾਰ ਨੇ ਸਾਫ ਕੀਤਾ ਕਿ ਇਸ ਸਾਲ ਸਿਰਫ ਵਿਦੇਸ਼ ਤੋਂ ਕਿਸੇ ਨੂੰ ਹੱਜ ਦੀ ਇਜਾਜ਼ਤ ਨਹੀਂ ਹੋਵੇਗੀ। ਸਿਰਫ ਸਾਊਦੀ ਅਰਬ ਤੋਂ ਹੀ 60,000 ਯਾਤਰੀ ਹੱਜ ਕਰ ਸਕਣਗੇ। ਹੱਜ ਯਾਤਰਾ ਲਈ ਬਿਨੈਕਾਰ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਹੱਜ ਯਾਤਰਾ ਲਈ ਬਿਨੈਕਾਰਾਂ ਦੀ ਛਾਂਟੀ ਦਾ ਕੰਮ 25 ਜੂਨ ਤੋਂ ਸ਼ੁਰੂ ਹੋਵੇਗਾ। ਮੰਤਰਾਲੇ ਨੇ ਇਕ ਟਵੀਟ ਵਿਚ ਕਿਹਾ ਕਿ ਬਿਨੈਕਾਰ ਨੂੰ ਪੈਕੇਜ ਚੁਣਨ ਦੇ ਤਿੰਨ ਘੰਟੇ ਦੇ ਅੰਦਰ ਹੀ ਭੁਗਤਾਨ ਕਰਨਾ ਹੋਵੇਗਾ ਜਿਸ ਨਾਲ ਕਿ ਅਰਜ਼ੀ ਰੱਦ ਹੋਣ ਤੋਂ ਬਚਿਆ ਜਾ ਸਕੇ।
ਨੋਟ- ਹੱਜ ਯਾਤਰਾ ਲਈ 'ਰਜਿਸਟ੍ਰੇਸ਼ਨ' ਸ਼ੁਰੂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।