ਸਾਊਦੀ ਅਰਬ ਨੇ 'ਨਾਗਰਿਕਤਾ' ਨਿਯਮਾਂ 'ਚ ਕੀਤਾ ਬਦਲਾਅ, ਜਾਣੋ ਭਾਰਤੀਆਂ ਨੂੰ ਕੀ ਹੋਵੇਗਾ ਫ਼ਾਇਦਾ
Friday, Jan 13, 2023 - 06:22 PM (IST)
ਰਿਆਦ (ਬਿਊਰੋ): ਸਾਊਦੀ ਅਰਬ ਦੀ ਸਰਕਾਰ ਨੇ ਦੇਸ਼ ਦੀ ਨਾਗਰਿਕਤਾ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਹਾਲਾਂਕਿ ਇਹ ਬਦਲਾਅ ਕਿਸੇ ਦੀ ਨਾਗਰਿਕਤਾ ਖੋਹਣ ਲਈ ਨਹੀਂ ਸਗੋਂ ਕੁਝ ਰਾਹਤ ਦੇਣ ਲਈ ਕੀਤਾ ਗਿਆ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਸਾਊਦੀ ਮੂਲ ਦੀਆਂ ਸਾਰੀਆਂ ਔਰਤਾਂ ਦੇ ਬੱਚੇ, ਜਿਨ੍ਹਾਂ ਨੇ ਵਿਦੇਸ਼ੀਆਂ ਨਾਲ ਵਿਆਹ ਕੀਤਾ ਹੈ, ਉਹ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ।ਹਾਲਾਂਕਿ ਬੱਚਿਆਂ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਨਾਗਰਿਕਤਾ ਪ੍ਰਾਪਤ ਕਰਨ ਲਈ ਸਾਰੇ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ।
ਭਾਰਤੀ ਪ੍ਰਵਾਸੀਆਂ 'ਤੇ ਅਸਰ
ਇਹ ਖ਼ਬਰ ਭਾਰਤੀ ਪ੍ਰਵਾਸੀਆਂ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਸਾਊਦੀ ਅਰਬ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਭਾਰਤੀ ਰਹਿੰਦੇ ਹਨ, ਜਿਨ੍ਹਾਂ ਨੇ ਸਾਊਦੀ ਮੂਲ ਦੀਆਂ ਔਰਤਾਂ ਨਾਲ ਵਿਆਹ ਕੀਤਾ ਹੈ।ਸਾਊਦੀ ਗਜ਼ਟ ਅਖ਼ਬਾਰ ਮੁਤਾਬਕ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਅਰਬ ਦੀ ਰਾਸ਼ਟਰੀਅਤਾ ਪ੍ਰਣਾਲੀ ਦੀ ਧਾਰਾ 8 'ਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਾਊਦੀ ਆਰਟੀਕਲ ਵਿੱਚ ਬਦਲਾਅ ਤੋਂ ਬਾਅਦ,"ਇੱਕ ਵਿਅਕਤੀ ਜਿਸਦਾ ਜਨਮ ਸਾਊਦੀ ਅਰਬ ਵਿੱਚ ਹੋਇਆ ਹੈ ਅਤੇ ਉਸਦੇ ਪਿਤਾ ਵਿਦੇਸ਼ੀ ਨਾਗਰਿਕ ਹਨ ਪਰ ਮਾਂ ਸਾਊਦੀ ਮੂਲ ਦੀ ਹੈ, ਤਾਂ ਉਹ ਵਿਅਕਤੀ ਸਾਊਦੀ ਅਰਬ ਦੀ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈ।
ਇਹ ਹਨ ਸ਼ਰਤਾਂ
ਹਾਲਾਂਕਿ ਨਾਗਰਿਕਤਾ ਲੈਣ ਤੋਂ ਪਹਿਲਾਂ ਕਈ ਸ਼ਰਤਾਂ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਸਾਊਦੀ ਅਰਬ ਦੀ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਨੂੰ ਅਰਬੀ ਭਾਸ਼ਾ ਵਿੱਚ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ। ਉਸਦਾ ਚਰਿੱਤਰ ਚੰਗਾ ਹੋਣਾ ਚਾਹੀਦਾ ਹੈ। ਉਸ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਚੱਲ ਰਹੀ ਅਤੇ ਨਾ ਹੀ ਉਹ ਪਿਛਲੇ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਰਿਹਾ ਹੋਵੇ।
ਪੜ੍ਹੋ ਇਹ ਅਹਿਮ ਖ਼ਬਰ-ਸ਼੍ਰੀਲੰਕਾ : ਸਾਬਕਾ ਰਾਸ਼ਟਰਪਤੀ ਸਿਰੀਸੇਨਾ ਨੂੰ 10 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ
ਬੱਚਿਆਂ ਨੂੰ ਮਿਲ ਸਕੇਗੀ ਨਾਗਰਿਕਤਾ
ਸਾਊਦੀ ਅਰਬ ਵਿਚ ਲਗਭਗ 25 ਲੱਖ ਭਾਰਤੀ ਪ੍ਰਵਾਸੀ ਰਹਿੰਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਉਨ੍ਹਾਂ ਲੋਕਾਂ 'ਚੋਂ ਹਨ, ਜੋ ਉੱਥੇ ਮਜ਼ਦੂਰੀ ਜਾਂ ਛੋਟੀਆਂ ਕੰਪਨੀਆਂ 'ਚ ਕੰਮ ਕਰ ਰਹੇ ਹਨ। ਸਾਊਦੀ ਅਰਬ ਵਿੱਚ ਵੀ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜਿਨ੍ਹਾਂ ਨੇ ਆਪਣਾ ਕਾਰੋਬਾਰ ਸਥਾਪਿਤ ਕੀਤਾ ਹੈ। ਭਾਰਤੀ ਪ੍ਰਵਾਸੀਆਂ ਨੇ ਸਾਊਦੀ ਮੂਲ ਦੀਆਂ ਔਰਤਾਂ ਨਾਲ ਵੀ ਵਿਆਹ ਕੀਤਾ ਹੈ।ਹਾਲਾਂਕਿ, ਸਾਊਦੀ ਮੂਲ ਦੀ ਔਰਤ ਨਾਲ ਵਿਆਹ ਤਾਂ ਹੋ ਜਾਂਦਾ ਸੀ, ਪਰ ਉਸ ਦੇ ਬੱਚਿਆਂ ਨੂੰ ਨਾਗਰਿਕਤਾ ਮਿਲਣਾ ਮੁਸ਼ਕਲ ਸੀ। ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦੇ ਪਿਤਾ ਭਾਰਤੀ ਮੂਲ ਦੇ ਹਨ, ਪਰ ਉਨ੍ਹਾਂ ਦੀਆਂ ਮਾਵਾਂ ਸਾਊਦੀ ਮੂਲ ਦੀਆਂ ਹਨ।
ਹਜ ਨੂੰ ਲੈ ਕੇ ਸਾਊਦੀ ਅਰਬ ਦੇ ਫ਼ੈਸਲੇ ਦਾ ਭਾਰਤੀਆਂ ਨੂੰ ਵੀ ਫਾਇਦਾ
ਹਾਲ ਹੀ 'ਚ ਸਾਊਦੀ ਅਰਬ ਦੀ ਸਰਕਾਰ ਨੇ ਵੀ ਹੱਜ ਯਾਤਰਾ ਨੂੰ ਲੈ ਕੇ ਅਜਿਹਾ ਫ਼ੈਸਲਾ ਲਿਆ ਹੈ, ਜਿਸ ਨਾਲ ਲੱਖਾਂ ਭਾਰਤੀ ਮੁਸਲਮਾਨਾਂ ਨੂੰ ਫਾਇਦਾ ਹੋਇਆ ਹੈ। ਦਰਅਸਲ, ਸਾਲ 2023 ਲਈ ਸਾਊਦੀ ਅਰਬ ਵੱਲੋਂ ਭਾਰਤ ਤੋਂ ਹੱਜ ਯਾਤਰੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।ਸਾਊਦੀ ਅਰਬ ਦੇ ਇਸ ਫ਼ੈਸਲੇ ਤੋਂ ਬਾਅਦ ਇਸ ਸਾਲ ਇਕ ਲੱਖ 75 ਹਜ਼ਾਰ 25 ਲੋਕ ਹੱਜ 'ਤੇ ਜਾ ਸਕਦੇ ਹਨ। ਖਾਸ ਗੱਲ ਇਹ ਹੈ ਕਿ ਹੁਣ ਤੱਕ ਦੇ ਇਤਿਹਾਸ 'ਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ 'ਚ ਲੋਕ ਹਜ ਕਰਨ ਪਹੁੰਚੇ ਸਨ। ਭਾਰਤੀਆਂ ਲਈ ਇੰਨਾ ਵੱਡਾ ਹੱਜ ਕੋਟਾ ਪਹਿਲਾਂ ਕਦੇ ਨਹੀਂ ਰੱਖਿਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।