ਇਟਲੀ ''ਚ ਕੀਤਾ ਗਿਆ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦਾ ਆਯੋਜਨ
Monday, Dec 29, 2025 - 02:44 PM (IST)
ਇਟਲੀ (ਸਾਬੀ ਚੀਨੀਆ)- ਸਰਬੰਸਦਾਨੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ ਵਿਚ ਸਿੱਖ ਸੰਗਤਾਂ ਵੱਲੋਂ ਵਿਸ਼ਾਲ ਸ਼ਹੀਦੀ ਸਭਾਵਾਂ ਦਾ ਆਯੋਜਨ ਕਰ ਕੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਜਾ ਰਿਹਾ ਹੈ, ਉੱਥੇ ਹੀ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਸ਼ਹੀਦੀ ਸਭਾਵਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਸਿੱਖ ਸੰਗਤਾਂ ਅੰਮ੍ਰਿਤ ਵੇਲੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਬਣਾ ਰਹੀਆਂ ਹਨ।

ਇਸੇ ਦੌਰਾਨ ਰੋਮ ਦੇ ਗੁਰਦੁਆਰਾ ਗੋਬਿੰਦਸਰ ਲਵੀਨੀਉ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ''ਸਫ਼ਰ-ਏ-ਸ਼ਹਾਦਤ'' ਸ਼ਹੀਦੀ ਸਭਾ ਵਿੱਚ ਹਰ ਰੋਜ਼ ਸ਼ਾਮ ਨੂੰ ਦੀਵਾਨ ਸਜਾਏ ਜਾਂਦੇ ਹਨ, ਜਿਨ੍ਹਾਂ ਵਿੱਚ ਸੰਗਤਾਂ ਆਪਣੇ ਰੁਝੇਵਿਆਂ ਨੂੰ ਤਿਆਗ ਕੇ ਹਾਜ਼ਰੀ ਭਰਦੀਆਂ ਹਨ।
ਇਸ ਦੌਰਾਨ ਹੈੱਡ ਗ੍ਰੰਥੀ ਗਿਆਨੀ ਦਲਬੀਰ ਸਿੰਘ ਹਰ ਰੋਜ਼ ਸ਼ਹੀਦੀ ਦਿਹਾੜੇ ਨਾਲ ਸਬੰਧਤ ਵਿਚਾਰਾਂ ਕਰਦਿਆਂ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਉਂਦੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਸ਼ਹੀਦੀ ਸਭਾਵਾਂ ਵਿੱਚ ਛੋਟੇ-ਛੋਟੇ ਬੱਚੇ ਵਧ-ਚੜ੍ਹ ਕੇ ਸ਼ਮੂਲੀਅਤ ਕਰ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਦੇ ਹਨ ਤੇ ਕੀਰਤਨ ਵਿਚਾਰਾਂ ਨਾਲ ਸੰਗਤ ਨੂੰ ਨਿਹਾਲ ਕਰਦੇ ਹਨ।

