ਮਾਸਕੋ ''ਚ ਹੋਇਆ ਕਾਰ ਧਮਾਕਾ ! ਰੂਸੀ ਜਨਰਲ ਦੀ ਹੋਈ ਮੌਤ
Tuesday, Dec 23, 2025 - 09:09 AM (IST)
ਇੰਟਰਨੈਸ਼ਨਲ ਡੈਸਕ- ਦੱਖਣੀ ਮਾਸਕੋ ਵਿਚ ਸੋਮਵਾਰ ਸਵੇਰੇ ਇਕ ਰੂਸੀ ਜਨਰਲ ਦੀ ਕਾਰ ਦੇ ਹੇਠਾਂ ਰੱਖੇ ਗਏ ਇਕ ਧਮਾਕਾਖੇਜ਼ ਯੰਤਰ ’ਚ ਧਮਾਕਾ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਂਚਕਰਤਾਵਾਂ ਨੇ ਕਿਹਾ ਕਿ ਇਸ ਹਮਲੇ ਪਿੱਛੇ ਯੂਕ੍ਰੇਨ ਦਾ ਹੱਥ ਹੋ ਸਕਦਾ ਹੈ। ਇਹ ਇਕ ਸਾਲ ਵਿਚ ਕਿਸੇ ਸੀਨੀਅਰ ਫੌਜੀ ਅਧਿਕਾਰੀ ਦੀ ਹੱਤਿਆ ਦਾ ਤੀਜਾ ਮਾਮਲਾ ਹੈ।
ਰੂਸ ਦੀ ਚੋਟੀ ਦੀ ਅਪਰਾਧਿਕ ਜਾਂਚ ਏਜੰਸੀ ‘ਇਨਵੈਸਟੀਗੇਟਿਵ ਕਮੇਟੀ’ ਦੀ ਅਧਿਕਾਰਤ ਬੁਲਾਰਨ ਸਵੇਤਲਾਨਾ ਪੇਤਰੇਂਕੋ ਨੇ ਕਿਹਾ ਕਿ ਰੂਸੀ ਹਥਿਆਰਬੰਦ ਫੌਜਾਂ ਦੇ ਜਨਰਲ ਸਟਾਫ ਦੇ ਆਪ੍ਰੇਸ਼ਨਲ ਟ੍ਰੇਨਿੰਗ ਡਾਇਰੈਕਟੋਰੇਟ ਦੇ ਮੁਖੀ ਲੈਫਟੀਨੈਂਟ ਜਨਰਲ ਫਾਨਿਲ ਸਰਵਾਰੋਵ ਦੀ ਮੌਤ ਸੱਟਾਂ ਲੱਗਣ ਕਾਰਨ ਹੋਈ। ਉਨ੍ਹਾਂ ਕਿਹਾ ਕਿ ਜਾਂਚਕਰਤਾ ਕਤਲ ਦੇ ਕਈ ਸੰਭਾਵਿਤ ਪਹਿਲੂਆਂ ਦੀ ਜਾਂਚ ਕਰ ਰਹੇ ਹਨ, ਜਿਸ ਵਿਚ ਇਹ ਸੰਭਾਵਨਾ ਵੀ ਸ਼ਾਮਲ ਹੈ ਕਿ ਅਪਰਾਧ ਯੂਕ੍ਰੇਨੀ ਖੁਫੀਆ ਸੇਵਾਵਾਂ ਦੁਆਰਾ ਕੀਤਾ ਗਿਆ ਹੋ ਸਕਦਾ ਹੈ।
ਰੂਸੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਸਥਾਨ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਰਵਾਰੋਵ ਦੇ ਕਤਲ ਬਾਰੇ ਤੁਰੰਤ ਸੂਚਿਤ ਕੀਤਾ ਗਿਆ। ਰੱਖਿਆ ਮੰਤਰਾਲੇ ਨੇ ਕਿਹਾ ਕਿ ਸਰਵਾਰੋਵ ਪਹਿਲਾਂ ਚੇਚਨੀਆ ਵਿਚ ਲੜੇ ਸੀ ਅਤੇ ਉਨ੍ਹਾਂ ਨੇ ਸੀਰੀਆ ਵਿਚ ਮਾਸਕੋ ਦੀ ਫੌਜੀ ਮੁਹਿੰਮ ਵਿਚ ਵੀ ਹਿੱਸਾ ਲਿਆ ਸੀ।
ਜ਼ਿਕਰਯੋਗ ਹੈ ਕਿ ਇਕ ਸਾਲ ਪਹਿਲਾਂ ਫੌਜ ਦੇ ਪ੍ਰਮਾਣੂ, ਜੈਵਿਕ ਅਤੇ ਰਸਾਇਣਕ ਰੱਖਿਆ ਬਲਾਂ ਦੇ ਮੁਖੀ ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਦੀ ਉਦੋਂ ਮੌਤ ਹੋ ਗਈ ਸੀ, ਜਦੋਂ ਉਨ੍ਹਾਂ ਦੇ ਅਪਾਰਟਮੈਂਟ ਦੇ ਬਾਹਰ ਇਕ ਇਲੈਕਟ੍ਰਿਕ ਸਕੂਟਰ ’ਚ ਲੁਕੋਏ ਹੋਏ ਹੋਇਆ ਬੰਬ ’ਚ ਧਮਾਕਾ ਹੋ ਗਿਆ ਸੀ। ਉਨ੍ਹਾਂ ਦੇ ਇਕ ਸਹਾਇਕ ਦੀ ਵੀ ਇਸ ਧਮਾਕੇ ਵਿਚ ਮੌਤ ਹੋ ਗਈ ਸੀ। ਯੂਕ੍ਰੇਨ ਦੀ ਸੁਰੱਖਿਆ ਸੇਵਾ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
